ਲੁਧਿਆਣਾ 22 ਜਨਵਰੀ ( ਸਤਪਾਲ ਸੋਨ9 ) ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਦੀ ਤਰੱਕੀ ਲਈ ਸੁਹਿਰਦ ਯਤਨ ਕਰ ਰਹੀ ਹੈ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਬਜਟ ਲਗਭੱਗ 8 ਗੁਣਾ ਵਧਾ ਕੇ 100 ਕਰੋੜ ਰੁਪਏ ਕੀਤਾ ਗਿਆ ਹੈ।
ਇਹ ਪ੍ਰਗਟਾਵਾ ਸ. ਬਿਕਰਮ ਸਿੰਘ ਮਜੀਠੀਆ ਸੂਚਨਾ ਤੇ ਲੋਕ ਸੰਪਰਕ, ਮਾਲ ਵਿਭਾਗ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਆਯੋਜਿਤ 16ਵੇਂ ਆਲ ਇੰਡੀਆ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਵੋਮੈਨ ਹਾਕੀ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਧਿਆਨ ਰਾਜ ਦੇ ਖਿਡਾਰੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਵਾਲੀਆਂ ਖੇਡ ਸੁਵਿਧਾਵਾਂ ਮਹੁੱਈਆ ਕਰਵਾਉਣ ‘ਤੇ ਕੇਂਦਰਿਤ ਹੈ। ਉਹਨਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਖੇਡਾਂ ਦਾ ਪੱਧਰ ਉ¤ਚਾ ਚੁੱਕਣ ਦੀ ਦਿਲੀ ਇੱਛਾ ਸਦਕਾ ਉਹਨਾਂ ਵੱਲੋਂ ਖੇਡ ਵਿਭਾਗ ਦਾ ਚਾਰਜ ਆਪਣੇ ਪਾਸ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਰਾਜ ਵਿੱਚ 250 ਨਵੇਂ ਕੋਚਾਂ ਦੀ ਭਰਤੀ ਕੀਤੀ ਗਈ ਹੈ ਅਤੇ 6 ਨਵੇਂ ਖੇਡ ਐਸਟ੍ਰੋਟਰਫ਼ ਬਣਾਏ ਗਏ ਹਨ। ਉਹਨਾਂ ਕਿਹਾ ਕਿ ਰਾਜ ਵਿੱਚ 13 ਬਹੁ-ਮੰਤਵੀ ਸਟੇਡੀਅਮ ਬਣਾਏ ਗਏ ਹਨ ਅਤੇ ਪਿੰਡਾਂ ਵਿੱਚ ਜਿੰਮ ਸਥਾਪਿਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਖਿਡਾਰੀਆਂ ਦੇ ਖੁਰਾਕ ਭੱਤੇ ਵਿੱਚ ਵਾਧਾ ਕਰਕੇ ਦੁੱਗਣਾ ਕਰ ਦਿੱਤਾ ਗਿਆ ਹੈ ਅਤੇ ਡਾਇਟ ਖਿਡਾਰੀਆਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ। ਸ. ਮਜੀਠੀਆ ਨੇ ਇਸ ਮੌਕੇ ‘ਤੇ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮੈਮੋਰੀਅਲ ਚੈਰੀਟੇਬਲ ਟਰੱਸਟ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਹਾਕੀ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਪ੍ਰਵਾਸੀ ਭਾਰਤੀ ਰਾਜ ਦੇ ਵਿਕਾਸ ‘ਚ ਵੱਡਾ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦਿੱਲੀ ਦੀਆਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ (ਬ) ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ ਅਤੇ ਲੋਕ ਸਰਨਾ ਗਰੁੱਪ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਸਦਕਾ ਸਰਨਾ ਗਰੁੱਪ ਨੂੰ ਸਬਕ ਸਿਖਾਉਣ ਲਈ ਤਤਪਰ ਹਨ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ੍ਰ. ਮਨਪ੍ਰੀਤ ਸਿੰਘ ਇਆਲੀ ਐਮ.ਐਲ.ਏ ਅਤੇ ਚੇਅਰਮੈਨ ਜ਼ਿਲਾ ਪ੍ਰੀਸ਼ਦ, ਸ. ਪ੍ਰੀਤਮ ਸਿੰਘ ਗਰੇਵਾਲ ਮੇਅਰ ਹਾਊਂਸਲੋ ਲੰਡਨ ਤੇ ਚੇਅਰਮੈਨ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮੈਮੋਰੀਅਲ ਚੈਰੀਟੇਬਲ ਟਰੱਸਟ, ਸ. ਕਰਤਾਰ ਸਿੰਘ ਆਈ.ਜੀ.ਪੁਲਿਸ ਪੀ.ਏ.ਪੀ, ਟਰੱਸਟ ਦੇ ਪ੍ਰਧਾਨ ਸ. ਡੀ.ਐਸ.ਗਰੇਵਾਲ, ਉਪ ਪ੍ਰਧਾਨ ਸ. ਜੇ.ਪੀ.ਸਿੰਘ ਤੇ ਸ. ਬੀ.ਐਸ.ਗਿੱਲ, ਸ. ਜਗਦੇਵ ਸਿੰਘ ਸਿੱਧੂ ਉਲੰਪੀਅਨ, ਸ੍ਰੀ ਓਮ ਗੌਰੀ ਦੱਤ ਸ਼ਰਮਾ, ਉ¤ਘੇ ਸਾਹਿਤਕਾਰ ਸ. ਗੁਰਭਜਨ ਸਿੰਘ ਗਿੱਲ ਅਤੇ ਸ. ਧਨਵੰਤ ਸਿੰਘ ਭੋਗਲ ਆਦਿ ਹਾਜ਼ਰ ਸਨ।
ਸ. ਬਿਕਰਮ ਸਿੰਘ ਮਜੀਠੀਆ ਸੂਚਨਾ ਤੇ ਲੋਕ ਸੰਪਰਕ, ਮਾਲ ਵਿਭਾਗ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 16ਵੇਂ ਆਲ ਇੰਡੀਆ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਵੋਮੈਨ ਹਾਕੀ ਟੂਰਨਾਮੈਂਟ ਤੇ ਖਿਡਾਰਨਾਂ ਨਾਲ ਜਾਣ-ਪਹਿਚਾਣ ਕਰਦੇ ਹੋਏ।

Post a Comment