ਥਾਂਦੇਵਾਲਾ ਵਿਖੇ ਤਰਕਸ਼ੀਲ ਨਾਟਕ ਮੇਲਾ 10 ਫਰਵਰੀ ਨੂੰ
Sunday, January 27, 20130 comments
ਸ੍ਰੀ ਮੁਕਤਸਰ ਸਾਹਿਬ 27 ਜਨਵਰੀ /ਆਮ ਲੋਕਾਈ ਨੂੰ ਅੰਧਵਿਸ਼ਵਾਸ਼ਾਂ ਪ੍ਰਤੀ ਜਾਗਰੂਕ ਕਰਕੇ ਇਸ ਬੁਰਾਈ ਤੋਂ ਮੁਕਤੀ ਦਿਵਾਉਣ ਹਿੱਤ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਥਾਂਦੇਵਾਲਾ ਦੀ ਅਨਾਜ ਮੰਡੀ ਵਿਖੇ ਤਰਕਸ਼ੀਲ ਨਾਟਕ ਮੇਲਾ 10 ਫਰਵਰੀ ਨੂੰ ਸਵੇਰੇ 10 ਵਜੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕੀ ਕਮੇਟੀ ਦੇ ਮੁਖੀ ਅਤੇ ਤਰਕਸ਼ੀਲ ਵਿਚਾਰਧਾਰ ਨੂੰ ਪ੍ਰਣਾਏ ਆਗੂ ਸੁਖਚੈਨ ਥਾਂਦੇਵਾਲਾ ਨੇ ਦੱਸਿਆ ਕਿ ਇਸ ਨਾਟਕ ਮੇਲੇ ਦੌਰਾਨ ਲੱਚਰ ਗਾਇਕੀ ਤੇ ਅੰਧਵਿਸ਼ਵਾਸ ਵਿਰੋਧੀ ਸੈਮੀਨਾਰ ਵੀ ਕਰਵਾਇਆ ਜਾਵੇਗਾ ਜਿਸ ਦੌਰਾਨ ਤਰਕਸ਼ੀਲ ਮਾਹਿਰਾਂ ਤੇ ਚਿੰਤਕਾਂ ਵੱਲੋਂ ਆਪਣੇ ਵਿਚਾਰਾਂ ਰਾਹੀਂ ਲੋਕਾਂ ਨੂੰ ਭਰਮ ਮੁਕਤ ਜੀਵਨ ਜਿਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸ੍ਰੀ ਥਾਂਦੇਵਾਲਾ ਨੇ ਦੱਸਿਆ ਕਿ ਇਹ ਨਾਟਕ ਮੇਲਾ ਉਨ੍ਹਾਂ ਵੱਲੋਂ ਆਪਣੇ ਵਿੱਛੜੇ ਬੇਟਿਆਂ ਬਲਜੋਤ ਥਾਂਦੇਵਾਲਾ ਅਤੇ ਤਰਕਦੀਪ ਥਾਂਦੇਵਾਲਾ ਦੀ ਯਾਦ ਵਿਚ ਹਰ ਸਾਲ ਇਸ ਪਿੰਡ ਵਿਖੇ ਕਰਵਾਇਆ ਜਾਂਦਾ ਹੈ। ਇਸ ਨਾਟਕ ਮੇਲੇ ਦੌਰਾਨ ਮੁਲਾਂਪੁਰ ਦਾਖਾ ਦੀ ਨਾਟਕ ਟੀਮ ਵੱਲੋਂ ਤਰਕਸ਼ੀਲ ਨਾਟਕ, ਗੀਤ ਸੰਗੀਤ ਤੇ ਕੋਰੀਓਗਰਾਫ਼ੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਸਮੂਹ ਲੋਕਾਂ ਨੂੰ ਇਸ ਨਾਟਕ ਮੇਲੇ ਵਿਚ ਪਹੁੰਚਣ ਦੀ ਅਪੀਲ ਕੀਤੀ।

Post a Comment