18 ਜਨਵਰੀ ਨੂੰ ਬੁਰਜ ਹਰੀ ਵਿਖੇ ਹੋ ਰਹੀ ਵਿਸ਼ਾਲ ਜਿਲ੍ਹਾ ਕਿਸਾਨ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਜਿਲ੍ਹਾ ਮਾਨਸਾ ਦੇ ਪਿੰਡਾਂ ਅੰਦਰ ਹੋ ਰਹੀਆਂ ਇਕੱਤਰਤਾਵਾਂ

Sunday, January 13, 20130 comments


ਮਾਨਸਾ 13ਜਨਵਰੀ ()  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਭਰ ’ਚ ਭਖ਼ਦੇ ਕਿਸਾਨ ਮਸਲਿਆਂ ਤੇ ਕੀਤੀਆਂ ਜਾ ਰਹੀਆਂ ਜਿਲ੍ਹਾ ਪੱਧਰੀ ਕਿਸਾਨ ਕਾਨਫਰੰਸਾਂ ਦੀ ਲੜੀ ਵਜੋਂ 18 ਜਨਵਰੀ ਨੂੰ ਬੁਰਜ ਹਰੀ ਵਿਖੇ ਹੋ ਰਹੀ ਵਿਸ਼ਾਲ ਜਿਲ੍ਹਾ ਕਿਸਾਨ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਜਿਲ੍ਹਾ ਮਾਨਸਾ ਦੇ ਪਿੰਡਾਂ ਅੰਦਰ ਹੋ ਰਹੀਆਂ ਇਕੱਤਰਤਾਵਾਂ ਤਹਿਤ ਅੱਜ ਪਿੰਡ ਭੈਣੀਬਾਘਾ ਵਿਖੇ ਯਾਦਗਾਰੀ ਕਿਸਾਨ ਕਾਨਫਰੰਸ ਅਤੇ ਇਨਕਲਾਬੀ ਸੱਭਿਆਚਾਰਕ ਸਮਾਗਮ ਕੀਤਾ ਗਿਆ।
ਕੇਂਦਰੀ ਕੈਬਨਿਟ ਵੱਲੋਂ ਭੂਮੀ ਗ੍ਰਹਿਣ ਬਿਲ ਨੂੰ ਮਨਜੂਰੀ ਦਿੱਤੇ ਜਾਣ ਕਾਰਨ ਕਿਸਾਨ ਕਿੱਤੇ ਦੇ ਉਜਾੜੇ, ਵਿਸ਼ੇਸ਼ ਆਰਥਿਕ ਖੇਤਰਾਂ, ਸਰਕਾਰੀ, ਨਿੱਜੀ ਅਦਾਰਿਆਂ ਲਈ ਜਬਰੀ ਜ਼ਮੀਨਾਂ ਖੋਹੇ ਜਾਣ, ਕਰਜ਼ਿਆਂ ਦੇ ਪਹਾੜ ਲੱਦੇ ਜਾਣ ਅਤੇ ਖੁਦਕੁਸ਼ੀਆਂ ਦੇ ਚੱਕਰ ਤੇਜ ਹੋਣ ਦੇ ਖ਼ਤਰਿਆਂ ਬਾਰੇ ਤੱਥਾਂ ਸਹਿਤ ਜਾਗਰੂਕ ਕਰਦਿਆਂ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੈ ਕਿਹਾ ਕਿ ਜੇਕਰ ਵਿਸ਼ਾਲ ਕਿਸਾਨ ਤਾਕਤ ਸਿਰ ਜੋੜਕੇ ਲੋਕ-ਸੰਘਰਸ਼ ਦੇ ਅਖ਼ਾੜੇ ਨਹੀਂ ਮਘਾਏਗੀ ਤਾਂ ਬਰਨਾਲਾ ਖੇਤਰ ਦੇ ਪਿੰਡ ਛੰਨਾ, ਧੌਲਾ, ਸੰਘੇੜਾ ਅਤੇ ਆਪਣੇ ਜਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਾਂਗ ਹਾਕਮ ਭੋਇੰ ਮਾਫ਼ੀਆ ਅਤੇ ਕੰਪਨੀਆਂ ਸਾਡੇ ਖੇਤ ਖੋਹਣ ਲਈ ਝਪਟਣਗੇ।
ਰਾਮ ਸਿੰਘ ਭੈਣੀਬਾਘਾ ਨੈ ਕਿਹਾ ਕਿ ਅੱਜ ਮਾਘੀ ਦੇ ਇਤਿਹਾਸਕ ਦਿਹਾੜੇ ਮੌਕੇ ਸਾਨੂੰ ਆਪਣੀ ਅਮੀਰ ਵਿਰਾਸਤ ਨੂੰ ਬੁਲੰਦ ਕਰਦਿਆਂ, ਮਜਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਮਾਈ ਭਾਗੋ ਦੀਆਂ ਵਾਰਸ ਔਰਤਾਂ ਨੂੰ ਨਵੀਆਂ ਜੱਦੋ ਜਾਹਿਦਾਂ ਲਈ ਕਮਰ ਕੱਸੇ ਕਸਣ ਲਈ ਅੱਗੇ ਆਉਣ।
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ, ਤਰਕਸ਼ੀਲ ਅਤੇ ਜਮਹੂਰੀਅਤ ਪਸੰਦ ਸ਼ਕਤੀਆਂ ਦੀਆਂ ਜੱਥੇਬੰਦੀਆਂ ਅਤੇ ਲੋਕਾਂ ਨੂੰ ਚੌਤਰਫ਼ੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਲਈ ਚੇਤਨ ਕਰਨ ਵਾਸਤੇ ਪੰਜਾਬ ਅੰਦਰ ਲੋਕ-ਪੱਖੀ ਨਾਟਕਾਂ, ਗੀਤ-ਸੰਗੀਤ ਅਤੇ ਸਾਹਿਤਕ ਲਹਿਰ ਉਸਾਰ ਕੇ ਹੀ ਅਸ਼ਲੀਲ, ਹਿੰਸਕ, ਮਾਰੂ, ਬਿਮਾਰ ਸਾਹਿਤੀ ਸੱਭਿਆਚਾਰ ਅਤੇ ਇਸਦੇ ਉਸਰੱਈਆਂ ਦੀ ਕਬਰ ਖੋਦੀ ਜਾ ਸਕਦੀ ਹੈ।
ਅਮੋਲਕ ਸਿੰਘ ਨੇ 25 ਜਨਵਰੀ ਸ਼ਾਮ 5 ਵਜੇ ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਪਲਸ ਮੰਚ ਵੱਲੋਂ ਹੋ ਰਹੇ ਸਬਾਈ ਗੀਤ-ਸੰਗੀਤ ਸੰਮੇਲਨ ’ਚ ਪੁੱਜਣ ਦੀ ਅਪੀਲ ਕੀਤੀ। ਚੇਤਨਾ ਕਲਾ ਕੇਂਦਰ ਬਰਨਾਲਾ (ਪਲਸ ਮੰਚ) ਦੇ ਨਿਰਦੇਸ਼ਕ ਹਰਵਿੰਦਰ ਦੀਵਾਨਾ ਦੇ ਕਲਾਕਾਰਾਂ ਵੱਲੋਂ ਪ੍ਰੋ. ਅਜਮੇਰ ਔਲਖ ਦਾ ਨਾਟਕ ‘ਅਵੇਸਲੇ ਯੂੱਧਾਂ ਦੀ ਨਾਇਕਾਂ’, ਗੁਰਸ਼ਾਰਨ ਸਿੰਘ ਦਾ ਨਾਟਕ ‘ਹੋਰ ਵੀ ਉਠਸੀ ਮਰਦ ਕਾ ਚੇਲਾ’ ਅਤੇ ਅਮੋਲਕ ਸਿੰਘ ਦਾ ਕਾਵਿ-ਨਾਟ ‘ਜੂਝੈ ਬਿਨਾਂ ਹੱਲ ਕੋਈ ਨਾ’ ਪੇਸ਼ ਕੀਤਾ ਗਿਆ।
ਇਸ ਮੌਕੇ ਭੋਲਾ ਸਿੰਘ ਭੈਣੀਬਾਘਾ, ਬਲਾਕ ਆਗੂ ਜਗਦੇਵ ਸਿੰਘ ਭੈਣੀਬਾਘਾ ਪਿੰਡ ਪ੍ਰਧਾਨ ਅੰਤਰ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger