ਮਾਨਸਾ, 23 ਜਨਵਰੀ ( ) : ਜ਼ਿਲਾ ਪ੍ਰਸ਼ਾਸ਼ਨ ਨੇ ਸਖ਼ਤੀ ਦਿਖਾਉਂਦਿਆਂ ਫੂਡ ਐਂਡ ਸੇਫਟੀ ਸਟੈਂਡਰਡ ਐਕਟ ਲਾਗੂ ਕਰਨ ਲਈ ਲਾਇਸੰਸ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਸਥਾਨਕ ਸਿਵਲ ਸਰਜਨ ਦਫ਼ਤਰ ਵਿਚ ਅੱਜ ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਦੀ ਅਗਵਾਈ ਹੇਠ ਜ਼ਿਲਾ ਸਿਹਤ ਅਫਸਰ ਡਾ. ਜਗਜੀਵਨ ਸਿੰਘ, ਫੂਡ ਇੰਸਪੈਕਟਰ ਸ਼੍ਰੀ ਸੰਜੇ ਕਟਿਆਲ ਅਤੇ ਸ਼੍ਰੀ ਸੰਤੋਸ਼ ਗੋਇਲ ਵਲੋਂ 44 ਰਜਿਸਟ੍ਰੇਸ਼ਨਾਂ ਅਤੇ 9 ਦੁਕਾਨਦਾਰਾਂ ਦੇ ਲਾਇਸੰਸ ਬਣਾਏ ਗਏ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਇਹ ਬਹੁਤ ਖ਼ੁਸ਼ੀ ਵਾਲੀ ਗੱਲ ਹੈ ਕਿ ਦੁਕਾਨਦਾਰ ਖ਼ੁਦ ਜਾਗਰੂਕਤਾ ਦਿਖਾਉਂਦਿਆਂ ਲਾਇਸੰਸ ਬਣਾਉਣ ਲਈ ਸਿਵਲ ਸਰਜਨ ਦੇ ਦਫਤਰ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਇਸ ਐਕਟ ਨੂੰ ਸੰਜੀਦਗੀ ਨਾਲ ਲੈਣ ਅਤੇ ਜਿਸ ਤਰ੍ਹਾਂ ਉਹ ਸਿਹਤ ਵਿਭਾਗ ਵੱਲੋਂ ਚਲਾਈ ਗਈ ਇਸ ਮੁਹਿੰਮ ਵਿਚ ਸਹਿਯੋਗ ਦੇ ਰਹੇ ਹਨ, ਬਾਕੀ ਦੁਕਾਨਦਾਰ ਵੀ ਇਸੇ ਤਰ੍ਹਾਂ ਗੰਭੀਰ ਹੋਣ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਲਾਇਸੰਸ ਬਣਨ ਤੋਂ ਬਾਅਦ ਖਾਣ-ਪੀਣ ਦੀਆਂ ਚੀਜ਼ਾਂ ਦੀ ਕਵਾਲਿਟੀ ਅਤੇ ਉਨਾਂ ਦੀ ਸ਼ੁੱਧਤਾ ਦੇ ਪੈਮਾਨੇ ਵਿਚ ਵਾਧਾ ਹੋਵੇਗਾ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਰਜਿਸਟ੍ਰੇਸ਼ਨਾਂ ਅਤੇ ਲਾਈਸੰਸ ਬਣਾਉਣ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਮਾਨਸਾ ਵਿਚ ਇਸ ਐਕਟ ਨੂੰ ਲਾਗੂ ਕਰਨ ਲਈ ਸਖ਼ਤੀ ਵਰਤੀ ਜਾਵੇਗੀ ਅਤੇ ਮਿੱਥੇ ਸਮੇਂ ਤੋਂ ਪਹਿਲਾਂ ਇਸ ਟੀਚੇ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ 4 ਫਰਵਰੀ ਤੋਂ ਪਹਿਲਾਂ-ਪਹਿਲਾਂ ਰਜਿਸਟ੍ਰੇਸ਼ਨਾਂ ਕਰਵਾਉਣ ਦੇ ਨਾਲ-ਨਾਲ ਲਾਈਸੰਸ ਵੀ ਬਣਵਾਉਣ।
ਉਧਰ ਸਿਵਲ ਸਰਜਨ ਦਫ਼ਤਰ ਮਾਨਸਾ ਵਿਚ ਅੱਜ ਵਿਸ਼ੇਸ ਤੌਰ 'ਤੇ ਇਸ ਲਈ ਕੈਂਪ ਲਗਾਇਆ ਗਿਆ, ਜਿਸ ਵਿਚ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਕਟ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਤੇ ਇਸ ਦੇ ਫਾਇਦਿਆਂ 'ਤੇ ਚਾਨਣਾ ਪਾਇਆ ਗਿਆ। ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਨੇ ਕਿਹਾ ਕਿ ਇਸ ਐਕਟ ਨਾਲ ਭਵਿੱਖ ਵਿਚ ਦੁਕਾਨਦਾਰਾਂ ਨੂੰ ਹੀ ਫਾਇਦਾ ਹੋਵੇਗਾ ਤੇ ਉਹ ਸਰਕਾਰ ਪਾਸੋਂ ਆਪਣੀਆਂ ਵਸਤਾਂ ਵੇਚਣ ਲਈ ਹਰ ਤਰ੍ਹਾਂ ਦੀ ਸਹੂਲਤ ਮੰਗਣ ਦੇ ਹੱਕਦਾਰ ਹੋਣਗੇ। ਉਨ੍ਹਾਂ ਕਿਹਾ ਕਿ ਅੱਜ 44 ਦੁਕਾਨਦਾਰਾਂ ਦੀ ਰਜਿਸ਼ਟ੍ਰੇਸ਼ਨ ਕਰਕੇ 9 ਦੁਕਾਨਦਾਰਾਂ ਦੇ ਲਾਇਸੰਸ ਬਣਾਏ ਗਏ ਹਨ, ਜੋ ਇਸ ਐਕਟ ਨੂੰ ਲਾਗੂ ਕਰਨ ਲਈ ਚੰਗਾ ਸੰਕੇਤ ਹੈ।

Post a Comment