ਸ੍ਰੀ ਮੁਕਤਸਰ ਸਾਹਿਬ 28 ਜਨਵਰੀ/ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਕੂਲਾਂ, ਦਫਤਰਾਂ ਅਤੇ ਹਸਪਤਾਲਾਂ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਅਚਨਚੇਤੀ ਚੈਕਿੰਗ ਕੀਤੀ । ਚੈਕਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਕੋਟਲੀ ਸੰਘਰ, ਹਰਾਜ ਅਤੇ ਭੁੱਟੀਵਾਲਾ ਦੇ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਡਿਸਪੈਂਸਰੀਆਂ ਦੀ ਅਚਨਚੇਤੀ ਚੈਕਿੰਗ ਕੀਤੀ। ਆਂਗਣਵਾੜੀ ਸੈਂਟਰ ਕੋਟਲੀ ਸੰਘਰ ਦਾ ਅਧੂਰਾ ਰਿਕਾਰਡ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਿਤ ਆਂਗਣਵਾੜੀ ਸੈਂਟਰ ਦੇ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਦਫਤਰੀ ਰਿਕਾਰਡ ਮੁਕੰਮਲ ਕੀਤਾ ਜਾਵੇ ਅਤੇ ਪਿੰਡਾਂ ਦੀਆਂ ਗਰਭਵਤੀ ਔਰਤਾਂ ਦਾ ਪੂਰਾ -ਪੂਰਾ ਖਿਆਲ ਰੱਖਿਆ ਜਾਵੇ ਅਤੇ ਸਰਕਾਰ ਵਲੋਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਸਾਰੀਆਂ ਬਣਦੀਆਂ ਸਹੂਲਤਾਂ ਸਮੇਂ ਸਿਰ ਦਿੱਤੀਆਂ ਜਾਣ। ਗਰਭਵਤੀ ਔਰਤਾਂ ਨੂੰ ਆਂਗਣਵਾੜੀ ਸੈਂਟਰ ਵਲੋਂ ਦਿੱਤੀ ਜਾਂਦੀ ਸਹੂਲਤ ਦੇ ਸਬੰਧ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਨਿੱਜੀ ਤੌਰ ਤੌਰ ਸ੍ਰੀਮਤੀ ਰਾਜਵਿੰਦਰ ਕੌਰ ਪਤਨੀ ਸ੍ਰੀ ਬੂਟਾ ਸਿੰਘ ਅਤੇ ਸ੍ਰੀਮਤੀ ਮਨਜਿੰਦਰ ਕੌਰ ਪਤਨੀ ਅਮਰਪਾਲ ਸਿੰਘ ਨੂੰ ਮਿਲੇ ਅਤੇ ਆਂਗਣਵਾੜੀ ਸੈਂਟਰ ਵਲੋਂ ਦਿੱਤਾ ਜਾਣ ਵਾਲਾ ਖਾਣਪੀਣ ਵਾਲੇ ਸਮਾਨ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਹਨਾਂ ਸਿਹਤ ਵਿਭਾਗ ਵਲੋਂ ਗਰਭਵਤੀ ਔਰਤਾਂ ਨੂੰ ਸਮੇਂ-ਸਮੇਂ ਸਿਰ ਲਗਾਏ ਜਾਂਦੇ ਟੀਕੇ ਅਤੇ ਦਵਾਈਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਸਖਤ ਹਦਾਇਤ ਕੀਤੀ ਕਿ ਬੱਚਿਆਂ ਨੂੰ ਮਿੱਡ ਡੇ ਮੀਲ ਸਕੀਮ ਅਧੀਨ ਦਿੱਤਾ ਜਾਣ ਵਾਲਾ ਦੁਪਹਿਰ ਦਾ ਖਾਣਾ ਸਾਫ ਸੁਥਰਾ ਅਤੇ ਪੂਰੀ ਮਾਤਰਾ ਵਿੱਚ ਸਪਲਾਈ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਹਿਕਮੇ ਵਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਕਰਦਾ ਹੈ ਤਾਂ ਉਹ ਨਿੱਜੀ ਤੌਰ ਤੇ ਉਹਨਾਂ ਤੇ ਧਿਆਨ ਵਿੱਚ ਜਰੂਰ ਲਿਆਉਣ ਤਾਂ ਜੋ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਦਾ ਲੋੜਵੰਦ ਲੋਕ ਵੱਧ ਤੋਂ ਵੱਧ ਲਾਭ ਉਠਾ ਸਕਣ।
Post a Comment