ਪੰਜਾਬ ਦੀਆਂ ਗੋਲਕਾਂ ਨਾਲ ਢਿੱਡ ਨਹੀਂ ਭਰਿਆ ਇਸ ਲਈ ਦਿੱਲੀ ’ਤੇ ਧਾਵਾ ਆ ਬੋਲਿਆ: ਬਲਜੀਤ ਸਿਘ ਦਾਦੂਵਾਲ

Tuesday, January 22, 20130 comments


*ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਆਗਾਜ਼ ਕੀਤਾ ਕਿ ਜੇ ਇਹ ਦਿੱਲੀ ਦੇ ਗੁਰਦੁਆਰਿਆਂ ’ਤੇ ਕਾਬਜ਼ ਹੋ ਗਏ ਤਾਂ ਜਿਸ ਤਰ੍ਹਾਂ ਪੰਜਾਬ ਵਾਂਗ ਦਿੱਲੀ ਦਾ ਬੇੜਾ ਗਰਕ ਕਰ ਦੇਣਗੇ
*ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਚੋਣਾਂ ਲੜਨ ਵਾਲੀਆਂ ਪਾਰਟੀਆਂ ਨੂੰ ਗੁਰਦੁਆਰਾ ਚੋਣਾਂ ਵਿੱਚ ਮੂੰਹ ਨਾ ਲਾਉਣ
ਬਠਿੰਡਾ, 22 ਜਨਵਰੀ (ਕਿਰਪਾਲ ਸਿੰਘ): ਪਤਾ ਨਹੀਂ ਇਨ੍ਹਾਂ ਦੇ ਕਿੰਨੇ ਕੁ ਵੱਡੇ ਢਿੱਡ ਐ ਜਿਹੜੇ ਪੰਜਾਬ ਦੀਆਂ ਗੋਲਕਾਂ ਨਾਲ ਨਹੀਂ ਭਰੇ ਇਸ ਲਈ ਦਿੱਲੀ ਦੀਆਂ ਗੋਲਕਾਂ ’ਤੇ ਕਬਜ਼ਾ ਕਰਨ ਲਈ ਧਾਵਾ ਆ ਬੋਲਿਆ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਬਾਬਾ ਬਲਜੀਤ ਸਿਘ ਖ਼ਾਲਸਾ ਦਾਦੂਵਾਲ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਦਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਸੀ ਜਿਸ ਨੇ 27 ਜਨਵਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਣ ਲਈ ਸਮੁੱਚੇ ਪੰਜਾਬ ਮੰਤਰੀ ਮੰਡਲ, ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕ/ਅਹੁੱਦੇਦਾਰ ਅਤੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਸਿਵਲ ਕਪੜਿਆਂ ਤੇ ਵਰਦੀਧਾਰੀ ਪੁਲਿਸ ਦੀ ਵੱਡੀ ਨਫਰੀ ਗਲੀਆਂ ਮੁਹੱਲਿਆਂ ਵਿੱਚ ਘੁੰਮ ਰਹੀ ਹੈ। ਉਨ੍ਹਾਂ ਕਿਹਾ ਸੇਵਾ ਹੀ ਕਰਨੀ ਹੈ ਤਾਂ ਪੰਜਾਬ ਵਿੱਚ ਕਰਨ ਵਾਲੀ ਬਹੁਤ ਪਈ ਹੈ ਕਰ ਲੈਣ। ਜਿੰਨਾਂ ਲਾਮ ਲਸ਼ਕਰ ਦਿੱਲੀ ਚੋਣਾਂ ਜਿੱਤਣ ਲਈ ਲਾਇਆ ਹੈ ਜੇ ਇੰਨਾਂ ਪੰਜਾਬ ਵਿੱਚ ਸਿੱਖੀ ਦੇ ਪ੍ਰਚਾਰ ਲਈ ਲਾ ਲੈਂਦੇ ਤਾਂ ਪੰਜਾਬ ਵਿੱਚ ਸਿੱਖੀ ਦੀ ਨਿੱਘਰ ਰਹੀ ਹਾਲਤ ਨੂੰ ਕੁਝ ਮੋੜਾ ਪੈ ਸਕਦਾ ਸੀ। ਬਾਬਾ ਬਲਜੀਤ ਸਿੰਘ ਖ਼ਾਲਸਾ ਜੀ ਨੇ ਕਿਹਾ ਪੰਜਾਬ ਵਿੱਚ ਸਿੱਖ ਨੌਜਵਾਨ ਪਤਿਤਪੁਣੇ ਤੇ ਨਸ਼ਿਆਂ ਵਿੱਚ ਰੁੜ ਰਹੇ ਹਨ, ਸਿੱਖੀ ਪ੍ਰੰਪਰਾਵਾਂ ਖਤਮ ਕੀਤੀਆਂ ਜਾ ਰਹੀਆਂ ਹਨ, ਡੇਰਦਾਰ ਸਿੱਖ ਸੰਤਾਂ ਦਾ ਵੱਡਾ ਹਿੱਸਾ ਧਰਮ ਦਾ ਪ੍ਰਚਾਰ ਕਰਨ ਦਾ ਆਪਣਾ ਫਰਜ ਭੁਲਾ ਕੇ ਆਪਣੇ ਸੁਆਰਥ ਕਾਰਣ ਇਨ੍ਹਾਂ ਦੇ ਸਿਆਸੀ ਗਠਜੋੜ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਕੁਝ ਡਰਾ ਧਮਕਾ ਕੇ ਆਪਣੇ ਨਾਲ ਰਲਾ ਲਏ ਹਨ ਇਸ ਲਈ ਕੋਈ ਟਾਵਾਂ ਟਾਵਾਂ ਹੀ ਧਰਮ ਦਾ ਸਹੀ ਪ੍ਰਚਾਰ ਕਰਨ ਦਾ ਆਪਣਾ ਫਰਜ਼ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਧਰਮ ਪ੍ਰਚਾਰ ਦੀ ਥਾਂ ਸਿਆਸਤ ਦਾ ਅਖਾੜਾ ਬਣਾ ਕੇ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ ਤੇ ਹੁਣ ਦਿੱਲੀ ਦਾ ਬੇੜਾ ਗਰਕ ਕਰਨ ਲਈ ਚੜ੍ਹ ਕੇ ਆ ਗਏ ਹਨ। ਬਾਬਾ ਬਲਜੀਤ ਸਿੰਘ ਨੇ ਕਿਹਾ ਗੁਰੂ ਕਾ ਲੰਗਰ ਗੁਰਦੁਆਰਿਆਂ ਵਿੱਚ ਇਸ ਲਈ ਬਣਦਾ ਹੈ ਕਿ ਕੋਈ ਰਾਹਗੀਰ, ਸ਼੍ਰਧਾਲੂ ਯਾਤਰੂ ਜਾਂ ਲੋੜਵੰਦ ਛਕ ਸਕੇ ਪਰ ਕਿਸੇ ਲੋੜਵੰਦ ਨੂੰ ਤਾਂ ਮਿਲਦਾ ਨਹੀਂ ਕਿਉਂਕਿ ਗੁਰੂ ਘਰਾਂ ਦਾ ਲੰਗਰ ਸਿਆਸੀ ਕਾਨਫਰੰਸਾਂ ਵਿੱਚ ਚਲਾ ਜਾਂਦਾ ਹੈ। ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ ਲੰਗਰ ਨਹੀ ਮਿਲਦਾ ਇਹ ਹੁਣ ਕੁੰਭ ਦੇ ਮੇਲੇ ’ਤੇ ਲੰਗਰ ਲਾਉਣ ਚਲੇ ਗਏ ਹਨ।
ਬਾਬਾ ਬਲਜੀਤ ਸਿੰਘ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਆਗਾਜ਼ ਕੀਤਾ ਕਿ ਜੇ ਇਹ ਦਿੱਲੀ ਦੇ ਗੁਰਦੁਆਰਿਆਂ ’ਤੇ ਕਾਬਜ਼ ਹੋ ਗਏ ਤਾਂ ਜਿਸ ਤਰ੍ਹਾਂ ਪੰਜਾਬ ਵਾਂਗ ਦਿੱਲੀ ਦਾ ਬੇੜਾ ਗਰਕ ਕਰ ਦੇਣਗੇ। ਇਸ ਸਟੇਜ਼ ਤੋਂ ਜੋ ਗੁਰਮਤ ਦਾ ਪ੍ਰਚਾਰ ਹੋ ਰਿਹਾ ਹੈ ਉਸ ਨੂੰ ਬੰਦ ਕਰਵਾ ਦੇਣਗੇ, ਇਸ ਲਈ ਦਿੱਲੀ ਦੇ ਸਿੱਖਾਂ ਨੂੰ ਚਾਹੀਦਾ ਹੈ ਕਬਜ਼ੇ ਦੀ ਭਾਵਨਾ ਨਾਲ ਇੱਥੇ ਡੇਰੇ ਲਾ ਕੇ ਬੈਠਣ ਵਾਲਿਆਂ ਨੂੰ ਉਹ ਸ਼ਾਫ ਸਬਦਾਂ ਵਿੱਚ ਕਹਿ ਦੇਣ ਕਿ ਤੁਸੀਂ ਆਪਣਾ ਬੋਰੀਆ ਬਿਸਤਰਾ ਸੰਭਾਲ ਕੇ ਇੱਥੋਂ ਚਲੇ ਜਾਓ ਤੇ ਇਥੋਂ ਦਾ ਪ੍ਰਬੰਧ ਕਿਵੇਂ ਕਰਨਾ ਹੈ ਇਹ ਦਿੱਲੀ ਦੇ ਸਿੱਖ ਖ਼ੁਦ ਚੰਗੀ ਤਰ੍ਹਾਂ ਜਾਣਦੇ ਹਨ, ਉਹ ਆਪੇ ਕਰ ਲੈਣਗੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧ ਵਿੱਚ ਸਿਆਸਤ ਭਾਰੂ ਹੋ ਜਾਣ ਕਾਰਣ ਗੁਰਮਤਿ ਪ੍ਰਚਾਰ ਦਾ ਕੰਮ ਠੱਪ ਹੋ ਗਿਆ ਹੈ ਇਸ ਲਈ ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਚੋਣਾਂ ਲੜਨ ਵਾਲੀਆਂ ਪਾਰਟੀਆਂ ਨੂੰ ਗੁਰਦੁਆਰਾ ਚੋਣਾਂ ਵਿੱਚ ਮੂੰਹ ਨਾ ਲਾਉਣ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger