ਹੁਸ਼ਿਆਰਪੁਰ 15 ਜਨਵਰੀ, 2013/ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸ਼੍ਰੀ ਮਨਸ਼ਵੀ ਕੁਮਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਕੌਮੀ ਪਲਸ ਪੋਲੀਓ ਮੁਹਿੰਮ ਜਿਲ੍ਹਾ ਹੁਸ਼ਿਆਰਪੁਰ ਵਿੱਚ 20 ਜਨਵਰੀ 2013 ਦਿਨ ਐਤਵਾਰ ਨੂੰ ਪੋਲੀਓ ਬੂਥ ਲਗਾ ਕੇ ਚਲਾਈ ਜਾਵੇਗੀ। ਇਸ ਪੋਲੀਓ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਅੱਜ ਇੱਕ ਮੀਟਿੰਗ ਦਾ ਆਯੋਜਨ ਡਾ. ਸੁਰਿੰਦਰ ਗੰਗੜ ਦੀ ਪ੍ਰਧਾਨਗੀ ਹੇਠ ਡਾ. ਅਜੈ ਬੱਗਾ ਜਿਲ੍ਹਾ ਟੀਕਾਕਰਣ ਅਫ਼ਸਰ ਵੱਲੋਂ ਕੀਤਾ ਗਿਆ। ਜਿਸ ਵਿੱਚ ਹੁਸ਼ਿਆਰਪੁਰ ਦੇ ਵੈਕਸੀਨੇਟਰ ਅਤੇ ਸੁਪਰਵਾਈਜ਼ਰ ਸ਼ਾਮਿਲ ਹੋਏ। ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਰਪੁਰ ਨੇ ਕਿਹਾ ਕਿ ਭਾਰਤ ਪੋਲੀਓ ਮੁੱਕਤੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਪਿਛਲੇ 2 ਸਾਲਾਂ ਦੌਰਾਨ ਪੋਲੀਓ ਦਾ ਕੋਈ ਵੀ ਕੇਸ ਭਾਰਤ ਵਿੱਚ ਨਹੀਂ ਆਇਆ। ਇਸੇ ਤਰ੍ਹਾਂ ਜੇਕਰ ਆਉਣ ਵਾਲੇ ਅਗਲੇ 1 ਸਾਲ ਦੌਰਾਨ ਕੋਈ ਵੀ ਕੇਸ ਸਾਹਮਣੇ ਨਾ ਆਇਆ ਤਾਂ ਭਾਰਤ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਪੋਲੀਓ ਮੁਕਤ ਦੇਸ਼ ਦਾ ਦਰਜਾ ਪ੍ਰਾਪਤ ਹੋ ਜਾਵੇਗਾ। ਜਿਸ ਕਾਰਣ ਇਸ ਸਾਲ ਦੌਰਾਨ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਹਰ ਵਰਗ ਦਾ ਸਹਿਯੋਗ ਲਿਆ ਜਾ ਰਿਹਾ ਹੈ। ਬੈਨਰ, ਪੋਸਟਰ, ਹੋਰਡਿੰਗ ਅਤੇ ਸਿਟੀ ਕੇਬਲ ਰਾਹੀਂ ਵੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਡਾ. ਅਜੈ ਬੱਗਾ ਜਿਲ੍ਹਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 0 ਤੋਂ 5 ਸਾਲ ਤੱਕ ਦੇ 1,70,706 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ 829 ਬੂਥ ਲਗਾਏ ਜਾਣਗੇ। ਜਿਨ੍ਹਾਂ ਵਿੱਚ 785 ਫਿਕਸਡ ਬੂਥ, 25 ਟਰਾਂਜ਼ਿਟ ਬੂਥ ਅਤੇ 19 ਮੋਬਾਈਲ ਹਨ। ਮੁਹਿੰਮ ਵਿੱਚ ਲਗਾਏ ਗਏ 3316 ਮੈਂਬਰਾਂ ਦੀ 193 ਸੁਪਰਵਾਈਜ਼ਰਾਂ ਵੱਲੋਂ ਦੇਖ ਰੇਖ ਕੀਤੀ ਜਾਵੇਗੀ। ਡਾ. ਬੱਗਾ ਨੇ ਕਿਹਾ ਕਿ ਸਟੇਟ ਅਤੇ ਜਿਲ੍ਹਾ ਪ੍ਰੋਗਰਾਮ ਅਫ਼ਸਰਾਂ ਵੱਲੋਂ ਇਸ ਪੂਰੀ ਮੁਹਿੰਮ ਦੌਰਾਨ ਵਿਸ਼ੇਸ਼ ਤੌਰ ਤੇ ਨਿਗਰਾਨੀ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਵੱਲੋਂ ਸਮੂਹ ਸੁਪਰਵਾਈਜ਼ਰਾਂ ਅਤੇ ਵੈਕਸੀਨੇਟਰਾਂ ਨੂੰ ਵਿਸ਼ੇਸ਼ ਹਦਾਇਤ ਦਿੱਤੀ ਗਈ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ। ਇਸਦੇ ਨਾਲ ਹੀ ਝੱਠਿਆਂ, ਝੂੱਗੀ ਝੋਂਪੜੀ ਅਤੇ ਸਲਮ ਏਰੀਏ ਵੱਲ ਵੀ ਵਿਸ਼ੇਸ਼ ਧਿਆਨ ਦੇਣ। ਡਾ. ਗੰਗੜ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪੋਲੀਓ ਵਰਗੀ ਨਾ ਮੁਰਾਦ ਬਿਮਾਰੀ ਨੂੂੰ ਜੜੋਂ ਖਤਮ ਕਰਨ ਲਈ 20 ਜਨਵਰੀ ਨੂੰ ਆਪਣੇ ਅਤੇ ਆਪਣੇ ਆਂਢ ਗੁਆਂਢ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਆਪਣੇ ਨੇੜੇ ਦੇ ਪੋਲੀਓ ਬੂਥ ਤੇ ਲਿਆਉਣ ਅਤੇ ਉਨ੍ਹਾਂ ਨੂੰ ਪੋਲੀਓ ਵੈਕਸੀਨ ਬੂੰਦਾਂ ਦੀ ਇਹ ਵਾਧੂ ਖੁਰਾਕ ਜਰੂਰ ਪਿਲਾਉਣ ਭਾਵੇਂ ਬੱਚਾ ਇਹ ਖੁਰਾਕ ਪਹਿਲਾਂ ਪੀ ਚੁੱਕਾ ਹੋਵੇ ਤਾਂ ਵੀ, ਬੀਮਾਰ ਹੋਵੇ ਤਾਂ ਵੀ, ਸਫ਼ਲ ਕਰ ਰਿਹਾ ਹੋਵੇ ਤਾਂ ਵੀ ਅਤੇ ਨਵ ਜੰਮਿਆਂ ਹੋਵ ਤਾਂ ਵੀ। ਕਿਉਂਕਿ ਜੇਕਰ ਇਕ ਵੀ ਬੱਚਾ ਛੁੱਟ ਗਿਆ ਤਾਂ ਸਮਝੋ ਸੁਰੱਖਿਆ ਚੱਕਰ ਟੁੱਟ ਗਿਆ। ਇਸ ਮੌੇਕ ਡਾ. ਚੁਨੀ ਲਾਲ ਕਾਜ਼ਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਅਨਿਲ ਮਹਿੰਦਰਾ ਐਸ.ਐਮ.ਓ., ਡਾ. ਸਰਦੂਲ ਸਿੰਘ ਐਸ.ਐਮ.ਓ., ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਡਾ. ਗੁਰਮੀਤ ਸਿੰਘ, ਡਾ. ਸੇਵਾ ਸਿੰਘ, ਡਾ. ਗੁਨਦੀਪ ਕੌਰ, ਸ਼੍ਰੀ ਸੁਨੀਲ ਪ੍ਰਿਏ, ਸ਼੍ਰੀ ਭੁਪਿੰਦਰ ਸਿੰਘ ਅਤੇ ਸ਼੍ਰੀਮਤੀ ਰਮਨਦੀਪ ਕੌਰ ਵੀ ਉਪਸਥਿਤ ਹੋਏ।


Post a Comment