ਚੰਡੀਗੜ੍ਹ, 16 ਜਨਵਰੀ : ਪੰਜਾਬ ਕਾਂਗਰਸ ਦੇ ਆਗੂਆਂ ਨੇ ਅੱਜ ਗਵਰਨਰ ਸ਼ਿਵਰਾਜ ਪਾਟਿਲ ਨੂੰ ਮੈਮੋਰੰਡਮ ਸੌਂਪਦਿਆਂ ਉਨ੍ਹਾਂ ਤੋਂ ਮੰਗ ਕੀਤੀ ਕਿ ਉਹ ਪੰਚਾਇਤੀ ਚੋਣਾਂ ਦੀ ਸੂਬਾ ਸਰਕਾਰ ਵਲੋਂ ਕੀਤੀ ਗਈ ਕਥਿਤ ਮਨਮਾਨੇ ਢੰਗ ਨਾਲ ਵਾਰਡਬੰਦੀ ਦੇ ਮਾਮਲੇ ਚ ਦਖਲ ਦੇਣ। ਗਵਰਨਰ ਨੂੰ ਮੈਮੋਰੰਡਮ ਦੇਣ ਵਾਲਿਆਂ ਚ ਤਲਵੰਡੀ ਸਾਬੋ ਦੇ ਐਮਐਲਏ ਜੀਤਮਹਿੰਦਰ ਸਿਧੂ, ਭੁਲੱਥ ਦੇ ਸਾਬਕਾ ਐਮਐਲਏ ਸੁਖਪਾਲ ਖੈਹਰਾ, ਕਾਕਾ ਰਣਦੀਪ ਸਿੰਘ, ਮੋਹਾਲੀ ਤੋਂ ਵਿਧਾਇਕ ਬਲਬੀਰ ਸਿਧੂ, ਗੁਰਕੀਰਤ ਕੋਟਲੀ, ਲਾਲੀ ਮਜੀਠੀਆ ਆਦਿ ਹਾਜ਼ਰ ਸਨ। ਗਵਰਨਰ ਨੂੰ ਮੈਮੋਰੰਡਮ ਦੇਣ ਉਪਰੰਤ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਅਗਾਮੀ ਪੰਚਾਇਤੀ ਚੋਣਾਂ ਲਈ ਨਿਯਮਾਂ ਨੂੰ ਛਿੱਕੇ ਟੰਗਦਿਆਂ ਸੂਬਾ ਸਰਕਾਰ ਵਲੋਂ ਮਨਚਾਹੇ ਢੰਗ ਨਾਲ ਪਿੰਡਾਂ ਦੀ ਵਾਰਡਬੰਦੀ ਕਰ ਦਿਤੀ ਗਈ ਹੈ ਤਾਂ ਜੋ ਅਕਾਲੀ-ਭਾਜਪਾ ਸਰਪੰਚਾਂ ਨੂੰ ਚੋਣਾਂ ਜਿਤਾਈਆਂ ਜਾ ਸਕਣ।ਇਸ ਮੌਕੇ ਸੁਖਪਾਲ ਖੈਹਰਾ ਨੇ ਕਿਹਾ ਕਿ ਗਵਰਨਰ ਨੇ ਉਨ੍ਹਾਂ ਦੀ ਗੱਲ ਬੜੇ ਹੀ ਧਿਆਨ ਨਾਲ ਸੁਣੀ। ਖੈਹਰਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਮਨਚਾਹੇ ਢੰਗ ਨਾਲ ਨਵੀਆਂ ਪੰਚਾਇਤਾਂ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ ਇਕ ਇਕ ਪਿੰਡ ਚ ਆਪਣੇ ਚਹੇਤਿਆਂ ਨੂੰ ਜਿਤਾਉਣ ਲਈ ਕਈ ਕਈ ਵਾਰਡਬੰਦੀਆਂ ਕਰ ਦਿਤੀਆਂ ਹਨ।
Post a Comment