ਚੰਡੀਗੜ੍ਹ, 16 ਜਨਵਰੀ : ਇਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਦਿੱਲੀ ਦੀ ਸੀ. ਬੀ. ਆਈ. ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਓਮ ਪਰਕਾਸ਼ ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਸਣੇ 55 ਹੋਰਾਂ ਨੂੰ 1999 ਚ ਜੇ. ਬੀ. ਟੀ. ਟੀਚਰਾਂ ਦੀ ਭਰਤੀ ਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਚ ਦੋਸ਼ੀ ਕਰਾਰ ਦੇ ਦਿਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਤੇ ਸਾਰੇ ਦੋਸ਼ੀਆਂ ਨੂੰ 22 ਜਨਵਰੀ ਤਕ ਨਿਆਂਇਕ ਹਿਰਾਸਤ ਚ ਭੇਜ ਦਿਤਾ ਹੈ। ਅੱਜ ਸਵੇਰੇ 11 ਵਜੇ ਦੇ ਕਰੀਬ ਸੀ. ਬੀ. ਆਈੱ ਦੀ ਅਦਾਲਤ ਨੇ ਉਕਤ ਫੈਸਲਾ ਸੁਣਾਇਆ। ਚੌਟਾਲਾ ਸਣੇ ਸਮੂਹ ਦੋਸ਼ੀਆਂ ਨੂੰ 22 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਕੋਰਟ ਨੇ ਬਹਿਸ ਲਈ 17 ਜਨਵਰੀ ਦੀ ਤਰੀਕ ਤੈਅ ਕੀਤੀ ਹੈ। ਇਸ ਦਿਨ ਸਾਰੇ ਦੋਸ਼ੀ ਠਹਿਰਾਏ ਗਏ ਲੋਕ ਆਪਣੀ ਸਜ਼ਾ ਘੱਟ ਕਰਨ ਦੀ ਅਪੀਲ ਕਰ ਸਕਣਗੇ।ਚੇਤੇ ਰਹੇ ਕਿ 1999 ਚ ਤਤਕਾਲੀਨ ਚੌਟਾਲਾ ਸਰਕਾਰ ਨੇ ਜੇ. ਬੀ. ਟੀ. ਟੀਚਰਾਂ ਦੀਆਂ 3206 ਸੀਟਾਂ ਲਈ18 ਜ਼ਿਲਿਆਂ ਚ ਜ਼ਿਲਾ ਪੱਧਰੀ ਚੋਣ ਕਮੇਟੀਆਂ ਰਾਹੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸੇ ਦੌਰਾਨ ਆਈ. ਏ. ਐਸ. ਅਧਿਕਾਰੀ ਅਤੇ ਸਾਬਕਾ ਸਿੱਖਿਆ ਡਾਇਰੈਕਟਰ ਸੰਜੀਵ ਕੁਮਾਰ ਨੇ ਸੁਪਰੀਮ ਕੋਰਟ ਚ ਇਕ ਅਰਜ਼ੀ ਦਾਇਰ ਕਰਕੇ ਮੈਰਿਟ ਸੂਚੀਆਂ ਚ ਫੇਰਬਦਲ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਸੀ. ਬੀ. ਆਈ. ਕੋਰਟ ਨੇ ਕੁਲ 62 ਦੋਸ਼ੀਆਂ ਚੋਂ 55 ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਚੋਂ 6 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਦੋਸ਼ੀ ਬਰੀ ਹੋ ਚੁੱਕਿਆ ਹੈ।
Post a Comment