ਹੁਸ਼ਿਆਰਪੁਰ, 16 ਜਨਵਰੀ:/ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਆਰਥਿਕ ਸੈਂਸਜ਼ ਕਮਿਸ਼ਨਰ ਸ੍ਰੀ ਮਨਸਵੀ ਕੁਮਾਰ ਦੀ ਰਹਿਨੁਮਾਈ ਹੇਠ ਜਿਲ੍ਹਾ ਹੁਸ਼ਿਆਰਪੁਰ ਵਿੱਚ ਛੇਵੀਂ ਆਰਥਿਕ ਗਣਨਾ ਦਾ ਕੰਮ ਸ਼ੁਰੂ ਹੋ ਗਿਆ ਹੈ। ਨਗਰ ਕੌਂਸਲ ਹੁਸ਼ਿਆਰਪੁਰ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਦੇ ਘਰ ਤੋਂ ਆਰਥਿਕ ਗਣਨਾ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਸ੍ਰੀ ਸੂਦ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਰਥਿਕ ਗਣਨਾ ਦਾ ਕੰਮ 16 ਜਨਵਰੀ 2013 ਤੋਂ 16 ਫਰਵਰੀ 2013 ਤੱਕ ਕੀਤਾ ਜਾ ਰਿਹਾ ਹੈ। ਇਸ ਸਮੇਂ ਦੌਰਾਨ ਇਕੱਤਰ ਕੀਤੀ ਗਈ ਸੂਚਨਾ ਪੰਜਾਬ ਅਤੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਨਵੀਆਂ ਯੋਜਨਾਵਾਂ ਵਿੱਚ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਘਰਾਂ ਵਿੱਚ ਵਿੱਚ ਆਉਣ ਵਾਲੇ ਆਰਥਿਕ ਗਣਨਾ ਨਾਲ ਸਬੰਧਤ ਕਰਮਚਾਰੀਆਂ ਨੂੰ ਸਹੀ ਅਤੇ ਪੂਰੀ ਸੂਚਨਾ ਦਿੱਤੀ ਜਾਵੇ। ਆਰਥਿਕ ਗਣਨਾ ਦੇ ਚਾਰਜ ਅਫ਼ਸਰ ਅਤੇ ਨਗਰ ਕੌਂਸਲ ਹੁਸ਼ਿਆਰਪੁਰ ਦੇ ਕਾਰਜਸਾਧਕ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ ਕੁਲ 339 ਬਲਾਕ ਬਣਾਏ ਗਏ ਹਨ ਜਿਸ ਵਿੱਚ 27 ਸੁਪਰਵਾਈਜਰ ਅਤੇ 86 ਗਿਣਤੀਕਾਰ ਲਗਾਏ ਗਏ ਹਨ। ਸਹਾਇਕ ਚਾਰਜ ਅਫ਼ਸਰ ਸ੍ਰੀ ਗੁਰਮੇਲ ਸਿੰਘ, ਸੁਪਰਵਾਈਜਰ ਸੋਨੀਆ ਗੁਲਾਟੀ, ਅਰਚਣਾ ਸ਼ਰਮਾ, ਗਿਣਤੀਕਾਰ ਦਿਆਲ ਸਿੰਘ, ਗੁਰਮੇਲ ਸਿੰਘ ਨੇ ਇਸ ਮੌਕੇ ਤੇ ਆਰਥਿਕ ਗਣਨਾ ਸਬੰਧੀ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਤੋਂ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਪ੍ਰਮੋਦ ਸੂਦ, ਵਿਨੋਦ ਪਰਮਾਰ, ਅਭੈ ਦੱਤਾ, ਰਾਮ ਦੇਵ ਯਾਦਵ, ਯਸ਼ਪਾਲ ਸ਼ਰਮਾ ਅਤੇ ਸੰਜੀਵ ਸ਼ਰਮਾ ਵੀ ਹਾਜ਼ਰ ਸਨ।

Post a Comment