ਹੁਸ਼ਿਆਰਪੁਰ, 16 ਜਨਵਰੀ/ 20 ਜਨਵਰੀ 2013 ਨੂੰ ਭਾਰਤ ਵਿੱਚ ਮਨਾਏ ਜਾ ਰਹੇ ਪੋਲੀਓ ਦਿਵਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਵੱਲੋਂ ਜਾਰੀ ਕੀਤਾ ਗਿਆ ਪੈਂਫਲਟ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਮਿੰਦਰ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਰਲੀਜ਼ ਕੀਤਾ। ਸਕੱਤਰ ਰੈਡ ਕਰਾਸ ਸੁਸਾਇਟੀ ਭੁਪਿੰਦਰਜੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਜੇ ਬੱਗਾ, ਤਹਿਸੀਲਦਾਰ (ਚੋਣਾਂ) ਕਰਨੈਲ ਸਿੰਘ, ਮਾਸ ਮੀਡੀਆ ਤੇ ਸੂਚਨਾ ਅਫ਼ਸਰ ਮਨਮੋਹਨ ਕੌਰ ਅਤੇ ਹੋਰ ਅਧਿਕਾਰੀ ਇਸ ਮੌਕੇ ਤੇ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਪੋਲੀਓ ਵਰਗੀ ਨਾ-ਮੁਰਾਦ ਬੀਮਾਰੀ ਨੂੰ ਜੜੋਂ ਖਤਮ ਕਰਨ ਲਈ 20 ਜਨਵਰੀ 2013 ਨੂੰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਆਪਣੇ ਨੇੜੇ ਦੇ ਪੋਲੀਓ ਬੂਥ ਤੇ ਲਿਆ ਕੇ ਉਨ੍ਹਾਂ ਨੂੰ ਪੋਲੀਓ ਵੈਕਸਿਨ ਬੂੰਦਾਂ ਦੀ ਖੁਰਾਕ ਜ਼ਰੂਰ ਪਿਲਾਈ ਜਾਵੇ ਭਾਵੇਂ ਇਹ ਖੁਰਾਕ ਬੱਚਾ ਪਹਿਲਾਂ ਵੀ ਪੀ ਚੁੱਕਾ ਹੋਵੇ, ਨਵ ਜੰਮੇ ਬੱਚੇ ਅਤੇ ਬੀਮਾਰੀ ਬੱਚੇ ਨੂੰ ਵੀ ਇਹ ਖੁਰਾਕ ਜ਼ਰੂਰ ਪਿਲਾਈ ਜਾਵੇ। ਉਨ੍ਹਾਂ ਦੱਸਿਆ ਕਿ 1988 ਵਿੱਚ ਦੁਨੀਆਂ ਵਿੱਚ ਹਰ ਸਾਲ 3 ਲੱਖ 50 ਹਜ਼ਾਰ ਬੱਚੇ ਪੋਲੀਓ ਤੋਂ ਪੀੜਤ ਹੁੰਦੇ ਸਨ। ਸਾਲ 2012 ਵਿੱਚ ਦੁਨੀਆਂ ਵਿੱਚ 222 ਪੋਲੀਓ ਦੇ ਕੇਸ ਪਾਏ ਗਏ ਸਨ ਅਤੇ ਭਾਰਤ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਪੋਲੀਓ ਦਾ ਕੇਸ ਸਾਹਮਣੇ ਨਹੀਂ ਆਇਆ ਪਰ ਫ਼ਿਰ ਵੀ ਇਸ ਨੂੰ ਜੜੋਂ ਖਤਮ ਕਰਨ ਲਈ 20 ਜਨਵਰੀ ਨੂੰ ਲਗਾਏ ਜਾ ਰਹੇ ਪੋਲੀਓ ਬੂਥਾਂ ਤੇ 0-5 ਸਾਲ ਦੇ ਬੱਚਿਆਂ ਨੂੰ ਜ਼ਰੂਰੀ ਪਿਲਾਈਆਂ ਜਾਣ। ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰੀ ਭੁਪਿੰਦਰਜੀਤ ਸਿੰਘ ਨੇ ਇਸ ਮੌਕੇ ਤੇ ਦੱਸਿਆ ਕਿ ਚੇਅਰਮੈਨ ਰੈਡ ਕਰਾਸ ਸੁਸਾਇਟੀ ਸ੍ਰੀ ਮਨਸਵੀ ਕੁਮਾਰ ਅਤੇ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ ਡਾ. ਵੰਦਨਾ ਦੀ ਰਹਿਨੁਮਾਈ ਹੇਠ ਪਲਸ ਪੋਲੀਓ ਸਬੰਧੀ ਪ੍ਰਚਾਰ ਕਰਨ ਲਈ ਰੈਡ ਕਰਾਸ ਸੁਸਾਇਟੀ ਵੱਲੋਂ 5000 ਪੈਂਫਲਟ ਛਪਵਾਏ ਗਏ ਹਨ ਜੋ ਪੂਰੇ ਜ਼ਿਲ੍ਹੇ ਵਿੱਚ ਨਗਰ ਕੌਂਸਲ, ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਰਾਹੀਂ ਲੋਕਾਂ ਤੱਕ ਪਹੁੰਚਾਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਪੋਲੀਓ ਬੂੰਦਾਂ ਪਿਲਾਉਣ ਸਬੰਧੀ ਜਾਗਰੂਕ ਕੀਤਾ ਜਾ ਸਕੇ।

Post a Comment