ਸ਼ਾਹਕੋਟ, 22 ਜਨਵਰੀ (ਸਚਦੇਵਾ) ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ ਨੌਜਵਾਨ ਜਸਵੀਰ ਪੁੱਤਰ ਕੇਵਲ ਵਾਸੀ ਪਿੰਡ ਹਾਜੀਪੁਰ ਸਲੈਚਾਂ (ਸ਼ਾਹਕੋਟ) ਨੇ ਦੱਸਿਆ ਕਿ ਬੀਤੀ 9 ਜਨਵਰੀ ਨੂੰ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਰਾਤ ਵੇਲੇ ਉਸ ਉੱਪਰ ਕਾਤਲਾਨਾ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ । ਉਹ ਉਸ ਵੇਲੇ ਆਪਣੇ 3 ਮਹੀਨੇ ਦੇ ਬੱਚੇ ਨੂੰ ਲੈ ਕੇ ਗਲੀ ਵਿੱਚ ਘੁੰਮ ਰਿਹਾ ਸੀ । ਉਸ ਨੇ ਦੱਸਿਆ ਕਿ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਸ਼ਾਹਕੋਟ ਪੁਲਿਸ ਵੱਲੋਂ ਉਸਦੇ ਬਿਆਨ ਤੱਕ ਦਰਜ਼ ਨਹੀਂ ਕੀਤੇ ਗਏ । ਉਸ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਬਿਆਨ ਤਾਂ ਕੀ ਲੈਣੇ ਸਨ, ਬਲਕਿ ਉਸਨੂੰ ਸਮਝੌਤਾ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ । ਉਸਨੇ ਦੱਸਿਆ ਕਿ ਮੈਂ ਸਮਝੌਤਾ ਨਹੀਂ ਕਰਨਾ ਚਾਹੁੰਦਾ,ਪਰ ਪੁਲਿਸ ਮੇਰੇ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ । ਉਧਰ ਦੂਸਰੇ ਪਾਸੇ ਜ਼ਖਮੀ ਨੌਜਵਾਨ ਦੇ ਸਮਰਥਨ ਵਿੱਚ ਪਹੁੰਚੇ ਬਹੁਜਨ ਸਮਾਜ ਪਾਰਟੀ (ਅ) ਦੇ ਹਲਕਾ ਇੰਚਾਰਜ ਰਮੇਸ਼ ਬਿੱਲਾ, ਸਤਨਾਮ ਸਿੰਘ ਮਲਸੀਆਂ ਯੂਥ ਆਗੂ, ਰੂਪ ਲਾਲ ਮਹਿਮੂਵਾਲ ਯੂਸਫਪੁਰ ਤੇ ਸੁਰਜੀਤ ਸਿੰਘ ਨੇ ਸ਼ਾਹਕੋਟ ਪੁਲਿਸ ਦੇ ਇਸ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੀ ਪੁਲਿਸ ਹੀ ਅੱਜ ਦੋਸ਼ੀਆਂ ਨੂੰ ਨਾ ਫੜਨ ਦੇ ਬਹਾਨੇ ਬਣਾ ਰਹੀ ਹੈ । ਉਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ ।
ਜਾਣਕਾਰੀ ਦਿੰਦਾ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ ਜਸਵੀਰ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਰਮੇਸ਼ ਬਿੱਲਾ ਅਤੇ ਹੋਰ ।


Post a Comment