ਤਲਵੰਡੀ ਸਾਬੋ(ਸ਼ੇਖਪੁਰੀਆ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ ਦਿਨੀ ਬੱਸ ਵਿੱਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਦਾਮਿਨੀ ਦੇ ਪੰਜ ਦੋਸ਼ੀਆਂ ਖਿਲਾਫ ਬੇਸ਼ੱਕ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਪਹਿਲੀ ਫਾਸਟ ਟਰੈਕ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਔਰਤਾਂ ਨਾਲ ਵੱਧ ਰਹੇ ਛੇੜ-ਛਾੜ,ਬਲਾਤਕਾਰ ਅਤੇ ਅਗਵਾਹ ਕਰਨ ਦੇ ਜੁਰਮਾਂ ਨੂੰ ਠੱਲ ਪਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ ਫਿਰ ਵੀ ਨਿੱਤ ਦਿਨ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਹਰ ਰੋਜ ਘਟ ਰਹੀਆਂ ਹਨ।ਇਸੇ ਤਰ੍ਹਾਂ ਦੀ ਅਗਵਾਹ ਕਰਨ ਦੀ ਘਟਨਾ ਬਾਰੇ ਇੱਕ ਹੋਰ ਪੈਰਾ ਮੈਡੀਕਲ ਦੀ ਵਿਦਿਆਰਥਣ ਦੇ ਬਾਪ ਨੇ ਥਾਣਾ ਸਰਦੂਲਗੜ੍ਹ ਵਿੱਚ ਸ਼ਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਦੀ ਇਕ ਅੱਸੀ ਫੀਸਦੀ ਤੋਂ ਵੱਧ ਨੰਬਰ ਲੈ ਕੇ ਏ.ਐਨ.ਐਮ. ਪਾਸ ਆਪਣੀ ਲੜਕੀ ਨੂੰ ਭਾਜਪਾ ਦੇ ਇੱਕ ਕਾਰਕੁਨ ਦੇ ਭਾਣਜੇ ਵੱਲੋਂ ਅਗਵਾਹ ਕਰਕੇ ਕਿਧਰੇ ਵਰਗਲਾ ਕੇ ਲੈ ਜਾਣ ਦੇ ਦੋਸ਼ ਲਾਏ ਹਨ।ਪੀੜਤ ਪਿਤਾ ਨੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਭੇਜ ਕੇ ਜਿਥੇ ਆਪਣੀ ਲਾਡਲੀ ਧੀ ਨੂੰ ਲੱਭਣ ਦੀ ਅਪੀਲ ਕੀਤੀ ਹੈ ਉਥੇ ਮੌੜ ਥਾਣੇ ਵਾਲਿਆਂ ਵੱਲੋਂ ਦੋਸ਼ੀ ਦੇ ਘਰ ਛਾਪਾ ਮਾਰਕੇ ਫੜ੍ਹ ਲਏ ਜਾਣ ਦੇ ਬਾਵਯੂਦ ਉਸਦੇ ਮਾਮੇ ਦੀ ਸਿਆਸੀ ਸ੍ਰਪ੍ਰਸਤੀ ਦੇ ਚਲਦਿਆਂ ਦੋਸ਼ੀ ਨੂੰ ਛੱਡ ਦੇਣ ਦਾ ਦੋਸ਼ ਵੀ ਲਾਇਆ ਹੈ।ਉਧਰ ਥਾਣਾ ਸਰਦੂਲਗੜ੍ਹ ਵਿਖੇ ਸਰਦੂਲਗੜ੍ਹ ਤੋਂ ਤਲਵੰਡੀ ਸਾਬੋ ਨੂੰ ਜਾਂਦੇ ਸਮੇਂ ਅਗਵਾਹ ਕੀਤੀ ਲੜਕੀ ਦੇ ਮੁੱਖ ਦੋਸ਼ੀ ਸੁਰੇਸ਼ ਕੁਮਾਰ ਅਤੇ ਹੋਰਨਾਂ ਵਿਰੁੱਧ ਮੁਕੱਦਮਾ ਨੰਬਰ 139 ਮਿਤੀ 29-12-2012 ਵੱਖ-ਵੱਖ ਧਾਰਾਵਾਂ ਅਧੀਨ ਦਰਜ ਕਰਕੇ ਪੁਲਿਸ ਲੜਕੀ ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ ।ਇਥੇ ਇਸ ਗੱਲ ਦਾ ਜਿਕਰ ਕਰ ਦੇਣਾ ਬਣਦਾ ਹੈ ਕਿ ਜਿਆਦਾ ਤਰ ਕੇਸਾਂ ਵਿੱਚ ਅਜਿਹੇ ਅਪਰਾਧ ਲੱਚਰ ਗੀਤ-ਸੰਗੀਤ ਸੁਣਨ-ਵੇਖਣ ਕਾਰਨ ਹੁੰਦੇ ਹਨ ਜਿਹਨਾਂ ਨੂੰ ਤੁਰੰਤ ਰੋਕਣ ਦੀ ਲੋੜ ਹੈ ਅਤੇ ਬਹੁਤ ਸਾਰੇ ਕੇਸਾਂ ਵਿੱਚ ਲੜਕੀਆਂ/ਔਰਤਾਂ ਪਹਿਲਾਂ ਤਾਂ ਆਪਣੀ ਮਰਜੀ ਨਾਲ ਚਲੀਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਜਦੋਂ ਪੜਦਾ ਚੁੱਕਿਆ ਜਾਂਦਾ ਹੈ ਤਾਂ ਉਹ ਬਦਨਾਮੀ ਹੋਣ ਦੇ ਡਰ ਖੁਣੋਂ ਅਗਵਾਹ ਕਰਨ ਅਤੇ ਬਲਾਤਕਾਰ ਕਰਨ ਵਰਗੇ ਗੰਭੀਰ ਦੋਸ਼ ਆਇਦ ਕਰ ਦਿੰਦੀਆਂ ਹਨ।ਕਈ ਹੋਰ ਕੇਸਾਂ ਵਿੱਚ ਆਪਣੀ ਕੋਈ ਨਿੱਜੀ ਦੁਸ਼ਮਣੀ ਕੱਢਣ ਲਈ ਝੂਠੇ ਦੋਸ਼ ਲਾਕੇ ਵੀ ਬੇਦੋਸ਼ਿਆਂ ਨੂੰ ਬਲਾਤਕਾਰ ਜਿਹੇ ਸੰਗੀਨ ਮਾਮਲਿਆਂ ਵਿੱਚ ਫਸਾਇਆ ਜਾਂਦਾ ਹੈ।ਕਾਨੂੰਨ ਦੇ ਬਣਾਉਣ ਅਤੇ ਪਾਲਣਹਾਰਿਆਂ ਵੱਲੋਂ ਇਹਨਾਂ ਸਭ ਗੱਲਾਂ ਨੂੰ ਧਿਆਨ ਗੋਚਰੇ ਰੱਖਣਾ ਚਾਹੀਦਾ ਹੈ ਤਾਂ ਕਿ ਕਿਸੇ ਬੇਦੋਸ਼ੇ ਨੂੰ ਐਂਵੇਂ ਹੀ ਸਜਾ ਨਾ ਭੁਗਤਣੀ ਪੈ ਜਾਵੇ ਅਤੇ ਅਸਲੀ ਦੋਸ਼ੀ ਕਿਧਰੇ ਬੱਚ ਹੀ ਨਾ ਜਾਣ !

Post a Comment