ਤਲਵੰਡੀ ਸਾਬੋ(ਸ਼ੇਖਪੁਰੀਆ)ਇਤਿਹਾਸਕ ਸ਼ਹਿਰ ਦਮਦਮਾ ਸਾਹਿਬ ਦੀ ਨਵੀਂ ਬਣੀ ਨਗਰ ਪੰਚਾਇਤ ਵਿੱਚ ਧੜੇਬੰਦੀ ਦੇ ਚਲਦਿਆਂ ਵੀ ਸਾਂਝੀਆਂ ਸ਼ਾਮਲਾਟਾਂ ਤੇ ਕੀਤੇ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਤਕਰੀਬਨ ਸਾਰੇ ਹੀ ਕੌਸਲਰਾਂ ਨੇ ਇੱਕਜੁੱਟਤਾ ਦਾ ਸਬੂਤ ਦਿੰਦਿਆਂ ਮਤਾ ਪਾਸ ਕਰਕੇ ਨਜਾਇਜ ਕਬਜੇ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਤਹਿਤ ਸ਼ਹਿਰ ਦਾ ਦਿਲ ਸਮਝੀ ਜਾਂਦੀ ਸਾਂਝੇ ਛੱਪੜ ਵਾਲੀ 58 ਕਨਾਲ 9 ਮਰਲੇ ਦੀ ਉਹ ਕਰੋੜਾਂ ਰੂਪੈ ਦੀ ਕੀਮਤੀ ਜਮੀਨ ਜਿਸ ਵਿੱਚੋਂ ਅੱਧੋਂ ਵੱਧ ਉਤੇ ਆਸ-ਪਾਸ ਦੇ ਘਰਾਂ, ਦੋ ਧਾਰਮਿਕ ਸਥਾਨਾਂ,ਇੱਕ ਸਕੂਲ ਅਤੇ ਇੱਕ ਨਿੱਜੀ ਟੀ.ਵੀ.ਚੈਨਲ ਦੇ ਪੱਤਰਕਾਰ ਵੱਲੋਂ ਕਬਜਾ ਕੀਤਾ ਹੋਇਆ ਸੁਣੀਂਦਾ ਹੈ; ਦੀ ਤਿੰਨ ਵਾਰ ਕੀਤੀ ਜਾ ਚੁੱਕੀ ਨਿਸ਼ਾਨ ਦੇਹੀ ਵੀ ਗੁੱਲ ਨਹੀਂ ਖਿਲਾ ਸਕੀ ਭਾਵੇਂ ਨਿਸ਼ਾਨ ਦੇਹੀ ਅਤੇ ਗਿਣਤੀ ਮਿਣਤੀ ਵੱਡੇ ਅਧਿਕਾਰੀਆਂ ਦੀ ਪੱਧਰ ਤੇ ਹੋ ਰਹੀ ਹੈ।ਨਗਰ ਕੌਂਸਲ ਦੇ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਸ਼ਹਿਰ ਵਿੱਚ ਨਵੇਂ ਕੀਤੇ ਜਾ ਰਹੇ ਨਜਾਇਜ ਕਬਜਿਆਂ ਨੂੰ ਰੋਕਣ ਦੀ ਮੁਹਿੰਮ ਵਿੱਢੀ ਹੈ ਜਦੋਂਕਿ ਉਹਨਾਂ ਤੋਂ ਪਹਿਲਾਂ ਕੀਤੇ ਜਾ ਚੁੱਕੇ ਕਬਜੇ ਨਹੀਂ ਛੁਡਵਾਏ ਜਾ ਰਹੇ ਬਲਕਿ ਇਸ ਮੁਹਿੰਮ ਨਾਲ ਪੀੜਤ ਲੋਕਾਂ ਨੇ ਪੱਖਪਾਤ ਕਰਨ ਦਾ ਦੋਸ਼ ਲਾਉਂਦੇ ਹੋਏ ਮੰਗ ਕੀਤੀ ਹੈ ਕਿ ਪਹਿਲਾਂ ਤੇ ਹੁਣ ਕੀਤੇ ਗਏ ਸਾਰੇ ਕਬਜੇ ਹੀ ਜਾਂ ਤਾਂ ਛੁਡਵਾਏ ਜਾਣ ਜਾਂ ਫਿਰ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ।ਉਧਰ ਕੁੱਝ ਬਾਗੀ ਸੁਰ ਦੇ ਕੌਂਸਲਰਾਂ ਦਾ ਵੀ ਇਹੀ ਕਹਿਣਾ ਹੈ ਕਿ ਸ਼ਹਿਰ ਵਿੱਚ ਕੀਤੇ ਸਾਰੇ ਹੀ ਨਜਾਇਜ ਕਬਜੇ ਛੁਡਵਾਏ ਜਾਣਗੇ ਅਤੇ ਇਸ ਮਾਮਲੇ ਵਿੱਚ ਕਿਸੇ ਨਾਲ ਵੀ ਕੋਈ ਲਿਹਾਜ ਨਹੀਂ ਕੀਤੀ ਜਾਵੇਗੀ।ਜਿਕਰਯੋਗ ਹੈ ਕਿ ਪਿਛਲੇ ਦਿਨੀ ਇੱਕ ਨਹਿੰਗ ਸਿੰਘ ਦਾ ਮਕਾਨ ਜੇ ਸੀ ਬੀ ਮਸ਼ੀਨ ਨਾਲ ਢਾਹ ਦਿੱਤਾ ਗਿਆ ਸੀ ਜਦੋਂ ਕਿ ਹੁਣ ਇੱਕ ਧਾਰਮਿਕ ਸਥਾਨ ਵਾਲੇ ਨੇ ਪਹੁੰਚ ਕਾਰਨ ਨਗਰ ਕੌਂਸਲ ਵੱਲੋਂ ਮਿੱਟੀ ਪਾਕੇ ਪੂਰੇ ਛੱਪੜ ਦੀ ਚਾਰ ਦੀਵਾਰੀ ਕਰਕੇ ਨਜਾਇਜ ਕਬਜਾ ਕਰਨਾ ਚਾਹਿਆ ਹੈ ਜਿਸਦੇ ਚਲਦਿਆਂ ਇਹ ਕਾਰਵਾਈ ਅਮਲ ਵਿੱਚ ਲਿਆਉਣੀ ਪਈ ਹੈ। ਅਜੇ ਦੇਖਣਾ ਬਣਦਾ ਹੈ ਕਿ ਇਸ ਵਿੱਢੀ ਮੁਹਿੰਮ ਦਾ ਊਠ ਕਿਸ ਕਰਵਟ ਬੈਠਦਾ ਹੈ ?

Post a Comment