ਨਾਭਾ, 12 ਜਨਵਰੀ (ਜਸਬੀਰ ਸਿੰਘ ਸੇਠੀ)-ਸਾਂਝਾ ਫਰੰਟ ਦੇ ਆਗੂਆਂ ਦੀ ਇਕ ਬੈਠਕ ਪੀ.ਡਬਲਯੂ.ਡੀ. ਰੈਸਟ ਹਾਊਸ ਵਿਖੇ ਪੀਪੀਪੀ ਦੇ ਜਿਲ੍ਹਾ ਪ੍ਰਧਾਨ ਜੋਗਾ ਸਿੰਘ ਚਪੜ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਕੁਲਵੰਤ ਸਿੰਘ ਮੋਲਵੀਵਾਲਾ, ਕਸਮੀਰ ਸਿੰਘ ਗਦਾਈਆ , ਮੁਹੰਮਦ ਰਫੀਕ ਸਾਧੋਹੇੜੀ, ਸੋਹਣ ਸਿੰਘ ਆਦਿ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਸਮੂਲੀਅਤ ਕੀਤੀ। ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੀਪੀਪੀ ਦੇ ਜਿਲ੍ਹਾ ਪ੍ਰਧਾਨ ਸ. ਸਪੜ ਨੇ ਕਿਹਾ ਕਿ ਅੱਜ ਸੂਬੇ ਦੇ ਹਾਲਤਾ ਬਦ ਤੋਂ ਬਦਤਰ ਹੋ ਗਏ ਹਨ ਕਿਉਂ ਜੋ ਜਿੰਨੀਆਂ ਵੀ ਪਿਛਲੇ ਦਿਨਾਂ ਵਿੱਚ ਘਟਨਾਵਾਂ ਹੋਈਆਂ ਹਨ ਉਹ ਅਕਾਲੀ ਦਲ ਦੀ ਯੂਥ ਬ੍ਰਿਗੇਡ ਵੱਲੋਂ ਕੀਤੀਆਂ ਗਈਆਂ ਹਨ, ਜਿਸ ਕਰਕੇ ਸੂਬਾ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਅਤੇ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਵਿੱਚ ਗੁਲਤਾਨ ਹੁੰਦਾ ਜਾ ਰਿਹਾ ਹੈ, ਦੇ ਬਾਵਜੂਦ ਸੂਬਾ ਸਰਕਾਰ ਨਸ਼ਿਆਂ ਨੂੰ ਕੰਟਰੋਲ ਨਹੀਂ ਕਰ ਸਕੀ ਅਤੇ ਅੱਜ ਪੰਜਾਬ ਦਾ ਹਰ ਵਰਗ ਤਰਾਹ ਤਰਾਹ ਕਰ ਰਿਹਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕੀ ਅੱਜਕਲ ਪੀਪੀਪੀ ਦੇ ਮੁਖੀ ਸ. ਮਨਪ੍ਰੀਤ ਸਿੰਘ ਬਾਦਲ ਖੁੱਲ ਕੇ ਕਿਉਂ ਨਹੀਂ ਸਾਹਮਣੇ ਆ ਰਹੇ ਤਾਂ ਜਿਲ੍ਹਾ ਪ੍ਰਧਾਨ ਚਪੜ ਨੇ ਕਿਹਾ ਕਿ ਮਾਘੀ ਮੇਲੇ ਤੇ ਸਾਂਝੇ ਮੋਰਚੇ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਉਪਰੰਤ ਪਾਰਟੀ ਪ੍ਰਧਾਨ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਸਾਂਝੇ ਮੋਰਚੇ ਦੇ ਆਗੂ ਸਹਿਰ ਸਹਿਰ, ਪਿੰਡ ਪਿੰਡ ਅਤੇ ਗਲੀ ਗਲੀ ਵਿੱਚ ਪਹੁੰਚ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਉਨ੍ਹਾਂ ਨੂੰ ਹੱਲ ਕਰਨ ਲਈ ਲਾਮਬੰਦ ਕਰਨਗੇ। ਜਿਲ੍ਹਾ ਪ੍ਰਧਾਨ ਚਪੜ ਨੇ ਕਿਹਾ ਕਿ ਸੂਬਾ ਸਰਕਾਰ ਮਹਿੰਗਾਈ ਤੇ ਕਾਬੂ ਪਾਉਣ ਵਿੱਚ ਵੀ ਨਾਕਾਮਯਾਬ ਸਾਬਤ ਹੋਈ ਹੈ। ਅੱਜ ਦੀ ਮੀਟਿੰਗ ਵਿੱਚ ਹੋਰ ਵੀ ਸਾਂਝੇ ਮੋਰਚੇ ਦੇ ਵਰਕਰ ਹਾਜ਼ਰ ਸਨ।

Post a Comment