ਅੰਮ੍ਰਿਤਸਰ 19 ਜਨਵਰੀ ( ) :- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ- ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਖਜਾਨਾ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਨੂੰ ਵਖ ਵਖ ਪੱਤਰ ਲਿਖ ਕੇ ਮੰਗ ਕੀਤੀ ਹੈਕਿ ਪੰਜਾਬ ਸਰਕਾਰ ਬਿਜਲੀ ਦੇ ਦਰ ਵਧਾਉਣ ਦੀ ਥਾਂ ’ਤੇ ਅਮੀਰ ਕਿਸਾਨਾਂ ਦੀ ਸਬਸਿਡੀ ਬੰਦ ਕਰੇ ਤੇ ਬਿਜਲੀ ਚੋਰੀ ਰੋਕੇ।ਪ੍ਰੈਸ ਨੂੰ ਜਾਰੀ ਬਿਆਨ ਵਿਚ ਮੰਚ ਆਗੂ ਨੇ ਕਿਹਾ ਕਿ ਖ਼ਬਰਾਂ ਆ ਰਹੀਆਂ ਹਨ ਕਿ ਸੂਬੇ ’ਚ ਬਿਜਲੀ 10.27 ਫ਼ੀਸਦੀ ਹੋਰ ਮਹਿੰਗੀ ਹੋਵੇਗੀ ਕਿਉਂਕਿ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਕੋਲ ਦਾਇਰ ਕੀਤੀ ਗਈ ਸਾਲਾਨਾ ਰੈਵਿਨਿਊ ਰਿਪੋਰਟ ਵਿੱਚ ਪਾਵਰਕਾਮ ਨੇ ਸਾਲ 2013-14 ਦੇ ਲਈ 2112.23 ਕਰੋੜ ਘਾਟਾ ਵਿਖਾਇਆ ਹੈ ਜੋ ਕਿ ਕੁਲ ਮਾਲੀਏ ਦਾ 10.27 ਫ਼ੀਸਦੀ ਹੈ। ਖ਼ਬਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਵਰਕਾਮ ਦਾ ਪਿਛਲੇ ਸਾਲ ਦਾ ਘਾਟਾ 12053.39 ਕਰੋੜ ਰੁਪਏ ’ਤੇ ਆ ਗਿਆ ਹੈ। ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਹਨ। ਉਦਯੋਗ ਨੂੰ ਵੀ ਸਸਤੀ ਬਿਜਲੀ ਚਾਹੀਦੀ ਹੈ।ਲੋਕ-ਸਭਾ ਦੀਆਂ ਚੋਣਾਂ ਵੀ ਆਉਣ ਵਾਲੀਆਂ ਹਨ।ਪੰਜਾਬ ਸਰਕਾਰ ਨੂੰ ਹਿਮਾਚਲ ਚੋਣਾਂ ਤੋਂ ਸਬਕ ਸਿਖਣਾ ਚਾਹੀਦਾ ਹੈ ਤੇ ਘਾਟੇ ਨੂੰ ਪੂਰਾ ਕਰਨ ਲਈ ਇਸ ਦਾ ਬਦਲ ਲਭਣਾ ਚਾਹੀਦਾ ਹੈ। ਇਸ ਲਈ ਆਰਥਕ ਮਾਹਿਰਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ ਜੋ ਮੁਫ਼ਤ ਵਿਚ ਦਿੱਤੀ ਜਾ ਰਹੀ ਬਿਜਲੀ ’ਤੇ ਨਜਰਸਾਨੀ ਕਰੇ। ਸ੍ਰੀਮਤੀ ਭੱਠਲ ਦੀ ਅਗਵਾਈ ਵਾਲੀ ਕਾਂਗਰਸੀ ਸਰਕਾਰ ਸਮੇਂ ਗੱਲ ਚੱਲੀ ਸੀ ਕਿ 8 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਨੂੰ ਬਿਜਲੀ ਵਿੱਚ ਸਬਸਿਡੀ ਦਿੱਤੀ ਜਾਵੇਗੀ ਪਰ ਅਕਾਲੀ-ਭਾਜਪਾ ਸਰਕਾਰ ਨੇ ਸਾਰੇ ਕਿਸਾਨਾਂ ਨੂੰ ਸਬਸਿਡੀ ਦੇ ਦਿੱਤੀ। ਅਮੀਰ ਕਿਸਾਨਾਂ ਦੇ ਬਿੱਲ ਆਮ ਸ਼ਹਿਰੀਆਂ ਨੂੰ ਦੇਣੇ ਪੈ ਰਹੇ ਹਨ, ਜੋ ਸਰਾਸਰ ਗਲਤ ਹੈ। ਇਸੇ ਤਰ੍ਹਾਂ ਬਿਜਲੀ ਚੋਰੀ ਵੱਡੀ ਪੱਧਰ ਤੇ ਹੋ ਰਹੀ ਹੈ, ਜਿਸ ਨੂੰ ਸੰਬਧਿਤ ਅਧਿਕਾਰੀ ਰੋਕ ਨਹੀਂ ਰਹੇ। ਉਨ੍ਹਾਂ ਦੀ ਅਣਗਹਿਲੀ ਦੀ ਸਜ਼ਾ ਆਮ ਜਨਤਾ ਨੂੰ ਦਿੱਤੀ ਜਾ ਰਹੀ ਹੈ। 8 ਏਕੜ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਦੀ ਸਬਸਿਡੀ ਬੰਦ ਕੀਤੀ ਜਾਵੇ ਅਤੇ ਬਿਜਲੀ ਚੋਰੀ ਰੋਕ ਕੇ ਘਾਟਾ ਪੂਰਾ ਕੀਤਾ ਜਾਵੇ । ਕਿਸੇ ਵੀ ਤਰ੍ਹਾਂ ਬਿਜਲੀ ਦੇ ਦਰ ਨਾ ਵਧਾਏ ਜਾਣ।
Post a Comment