ਪਿਹੋਵਾ-ਹਰਿਆਣਾ ਵਿਚ ਜਿਲ੍ਹਾ ਜੀਂਦ ਦੇ ਸ਼ਹਿਰ ਪਿਹੋਵਾ ਵਿਖੇ ਸੰਤ ਬਾਬਾ ਜਗੀਰ ਸਿੰਘ ਜੀ ਐਨ ਆਰ ਆਈ ਸਭਾ ਯੂ ਐਸ ਏ ਦੇ ਉਪਰਾਲੇ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਗੁਰਮਤਿ ਸਮਾਗਮਾਂ ਵਿਚ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂ ਸਾਹਿਬ ਵਾਲਿਆਂ ਨੇ ਜਥੇ ਸਮੇਤ ਪਹੁੰਚ ਕੇ ਸਿੱਖ ਸੰਗਤਾਂ ਨੂੰ ਗੁਰਬਾਣੀ, ਇਤਿਹਾਸ ਸੁਣਾ ਕੇ ਨਿਹਾਲ ਕੀਤਾ । ਕਥਾ ਕੀਰਤਨ ਦੌਰਾਨ ਸੰਤ ਦਾਦੂ ਸਾਹਿਬ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਪੜ੍ਹਨ-ਸੁਣਨ ਅਤੇ ਮੰਨਣ ਦੀ ਪ੍ਰੇਰਨਾ ਕੀਤੀ । ਉਨ੍ਹਾਂ ਸਿੱਖ ਧਰਮ ਵਿਚ ਸ਼ਬਦ ਗੁਰੂ ਦੀ ਮਹਾਨਤਾ ਨੂੰ ਦੱਸਦੇ ਹੋਏ ਅਤੇ ਪਾਖੰਡਵਾਦ, ਮੜ੍ਹੀਆਂ, ਕਬਰਾਂ ਅਤੇ ਦੇਹਧਾਰੀ ਗੁਰੂਡੰਮ੍ਹ ਤੋਂ ਸੁਚੇਤ ਰਹਿਣ ਲਈ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਬਖਸ਼ ਕੇ ਸਦੀਵ ਕਾਲ ਲਈ ਜੁੱਗੋ-ਜੁੱਗ ਅਟੱਲ ਗੁਰਬਾਣੀ ਗੁਰੂ ਦੇ ਲੜ ਲਾਇਆ ਸੀ ਪਰੰਤੂ ਅੱਜ ਦੇ ਸਮੇਂ ਵਿਚ ਸਿੱਖ ਵਿਰੋਧੀ ਸੰਸਥਾਵਾਂ ਅਤੇ ਨੋਟ-ਵੋਟ ਦੀ ਰਾਜਨੀਤੀ ਕਰ ਰਹੀਆਂ ਸਰਕਾਰਾਂ ਵੱਲੋਂ ਦੇਹਧਾਰੀ ਗੁਰੂ ਡੰਮ੍ਹ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਕਿ ਸਿੱਖ ਧਰਮ ਦੇ ਨਾਲ-ਨਾਲ ਬਾਕੀ ਸਾਰੇ ਸਥਾਪਿਤ ਧਰਮਾਂ ਲਈ ਚੈਲਿੰਜ ਅਤੇ ਸਮੁੱਚੇ ਦੇਸ਼ ਲਈ ਖਤਰਨਾਕ ਸਾਬਿਤ ਹੋ ਰਹੇ ਹਨ । ਗੁਰਬਾਣੀ ਦਾ ਗਿਆਨ ਸਮੁੱਚੀ ਮਨੁੱਖਤਾ ਲਈ ਰਾਹ ਦਸੇਰਾ ਹੈ ਇਸ ਲਈ ਹਮੇਸ਼ਾ ਗੁਰਬਾਣੀ ਤੋਂ ਹੀ ਜੀਵਨ ਸੇਧ ਲੈਣੀ ਚਾਹੀਦੀ ਹੈ । ਸਮਾਗਮ ਦੌਰਾਨ ਨੇੜਲੇ ਪਿੰਡ ਮਾਂਗਣਾ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੁਰਬਾਣੀ ਸੰਥਿਆ ਦੇਣ ਵਾਲੇ ਗ੍ਰੰਥੀ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਵੱਲੋਂ ਗੁਰਬਾਣੀ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਸੇਵਾ ਸੰਗਤ ਦੀ ਸਹੂਲਤ ਲਈ ਕੀਤੀ ਗਈ । ਇਸ ਸਮਾਗਮ ਦੌਰਾਨ ਹੋਏ ਅੰਮ੍ਰਿਤ ਸੰਚਾਰ ਵਿਚ ਸੈਂਕੜੇ ਪ੍ਰਾਣੀ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।ਸਮਾਗਮ ਦੀ ਸਮਾਪਤੀ ਤੇ ਸੰਤ ਦਾਦੂ ਸਾਹਿਬ ਵਾਲਿਆਂ ਨੂੰ ਕਾਰ ਸੇਵਾ ਵਾਲੇ ਸੰਤਾਂ, ਗੁਰਦੁਆਰਾ ਬਾਉਲੀ ਸਾਹਿਬ ਦੀ ਪ੍ਰਬੰਧਕ ਕਮੇਟੀ, ਐਨ ਆਰ ਆਈ ਸਭਾ ਅਤੇ ਸਮੁੱਚੇ ਇਲਾਕੇ ਭਰ ‘ਚੋਂ ਪੁੱਜੀਆਂ ਸੰਗਤਾਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਿਆ ।

Post a Comment