ਮਾਨਸਾ, 25 ਜਨਵਰੀ ( ) : ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਉਹ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਆਪਣਾ ਨਾਮ ਵੋਟਰ ਸੂਚੀ 'ਚ ਦਰਜ ਕਰਵਾਕੇ ਵੋਟਰ ਬਣਨ। ਅੱਜ ਇਥੇ ਬੱਚਤ ਭਵਨ ਵਿਖੇ ਤੀਸਰੇ ਕੌਮੀ ਵੋਟਰ ਦਿਵਸ ਦੇ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਸਾਡੇ ਮੁਲਕ 'ਚ ਦੁਨੀਆਂ ਦਾ ਸਭ ਤੋਂ ਵੱਡਾ ਹਿੱਸਾ ਨੌਜਵਾਨ ਵਰਗ ਦਾ ਹੈ, ਪਰ ਇਨ੍ਹਾਂ ਨੌਜਵਾਨਾਂ ਵੱਲੋਂ ਸਰਕਾਰ ਚੁਣਨ ਦੀ ਮੁਢਲੀ ਪ੍ਰਕ੍ਰਿਆ 'ਵੋਟਰ ਬਣਨਾ' 'ਚ ਹਿੱਸਾ ਲੈਣ ਵੱਲ ਸਭ ਤੋਂ ਘੱਟ ਰੁਚੀ ਦਿਖਾਈ ਜਾ ਰਹੀ ਹੈ, ਜਿਸ ਲਈ ਭਾਰਤ ਦੇ ਚੋਣ ਕਮਿਸ਼ਨ ਨੇ ਤਿੰਨ ਸਾਲ ਪਹਿਲਾਂ ਆਪਣੇ ਸਥਾਪਨਾ ਦਿਵਸ ਮੌਕੇ ਕੌਮੀ ਵੋਟਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਤੰਤਰ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ ਅਤੇ ਇਸਦੀ ਹੋਰ ਮਜ਼ਬੂਤੀ ਲਈ ਨੌਜਵਾਨਾਂ ਨੂੰ ਵੋਟਾਂ ਬਣਵਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਆਪਣੇ ਦੇਸ਼ ਦੀਆਂ ਲੋਕਤੰਤਰੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ, ਸੁਤੰਤਰ, ਵਾਜਬ ਅਤੇ ਸ਼ਾਂਤੀਪੂਰਨ ਚੋਣਾਂ ਦੀ ਮਾਣ ਮਰਿਆਦਾ ਅਤੇ ਹਰੇਕ ਚੋਣ ਬਿਨ੍ਹਾਂ ਕਿਸੇ ਡਰ ਜਾਂ ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਿਸੇ ਦਬਾਓ ਤੋਂ ਵੋਟ ਪਾਉਣ ਦਾ ਪ੍ਰਣ ਵੀ ਦਿਵਾਇਆ। ਉਨ੍ਹਾਂ ਵਲੋਂ ਸ਼੍ਰੀ ਵਰਿੰਦਰ ਸ਼ਰਮਾ ਚੋਣਕਾਰ ਰਜਿਸਟਰੇਸ਼ਨ ਅਫਸਰ 96-ਮਾਨਸਾ, ਮੈਡਮ ਇੰਦਰਪਾਲ ਕੌਰ ਲੈਕਚਰਾਰ ਨਹਿਰੂ ਮੈਮੋਰੀਅਲ ਕਾਲਜ ਮਾਨਸਾ, ਸ਼੍ਰੀ ਚਰਨਜੀਤ ਸਿੰਘ ਬੂਥ ਲੈਵਲ ਅਫਸਰ ਨੂੰ ਵੋਟਰ ਸੂਚੀਆਂ ਦੇ ਵਧੀਆਂ ਕੰਮ ਬਦਲੇ ਸਨਮਾਨਿਤ ਕੀਤਾ ਗਿਆ। ਨੌਜਵਾਨਾਂ ਨੂੰ ਵੋਟ ਬਣਾਉਣ ਅਤੇ ਉਸ ਦਾ ਸਹੀ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਵਾਸਤੇ ਚਲਾਈ ਵਿਸ਼ੇਸ ਮੁਹਿੰਮ ਤਹਿਤ ਸਕੂਲੀ ਬੱਚਿਆਂ ਦੇ ਹੋਏ ਭਾਸ਼ਣ ਅਤੇ ਲੇਖ ਮੁਕਾਬਲੇ ਵਿੱਚ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਏ ਬੱਚਿਆਂ ਨੂੰ ਵੀ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ 18 -19 ਸਾਲ ਦੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਵੀ ਤਕਸੀਮ ਕੀਤੇ।
ਸ਼੍ਰੀ ਢਾਕਾ ਨੇ ਕਿਹਾ ਕਿ ਕੌਮੀ ਵੋਟਰ ਦਿਵਸ ਦਾ ਨਿਸ਼ਾਨਾ ਸਰਕਾਰੀ ਮੁਲਾਜ਼ਮਾਂ ਅਤੇ ਇਸਤਰੀਆਂ ਨੂੰ ਵੋਟਰ ਵਜੋਂ ਦਰਜ ਕਰਕੇ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਦੀ ਪ੍ਰਕ੍ਰਿਆ ਵੀ ਕਾਫ਼ੀ ਆਸਾਨ ਕਰ ਦਿੱਤੀ ਹੈ ਅਤੇ ਹੁਣ ਕੇਵਲ ਫਾਰਮ ਨੰਬਰ 6 ਭਰਕੇ ਹੀ ਵੋਟ ਬਣਵਾਈ ਜਾ ਸਕਦੀ ਹੈ। ਇਹ ਫਾਰਮ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ 'ਚ ਰੱਖੇ ਗਏ ਹਨ, ਇਸ ਦੇ ਨਾਲ ਹੀ ਕਮਿਸ਼ਨ ਦੀ ਵੈਬਸਾਈਟ ਰਾਹੀਂ ਆਨ ਲਾਈਨ ਵੀ ਇਹ ਫਾਰਮ ਭਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਵੋਟਰ ਦਿਵਸ ਦਾ ਉਦੇਸ਼ ਵੋਟ ਬਣਵਾਉਣ ਦਾ ਸੁਨੇਹਾ ਘਰ-ਘਰ ਅਤੇ ਹਰੇਕ ਨਾਗਰਿਕ ਤੱਕ ਪਹੁੰਚਾਉਣਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਆਪਣੀ ਵੋਟ ਦਾ ਇਸਤੇਮਾਲ ਪੂਰੀ ਜਿੰਮੇਵਾਰੀ ਨਾਲ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਮੇਂ ਤੱਕ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਚੋਣ ਹਲਕਾ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਚ 516372 ਵੋਟਰਾਂ ਦੇ ਨਾਮ ਵੋਟਰ ਸੂਚੀ ਵਿਚ ਦਰਜ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਵੋਟਰਾਂ ਦੀਆਂ ਫੋਟੋ ਵੋਟਰ ਸੂਚੀ ਵਿਚ ਲੱਗਣ ਉਪਰੰਤ ਵੋਟਰ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਇਸ ਦੌਰਾਨ ਚੋਣ ਤਹਿਸੀਲਦਾਰ ਸ਼੍ਰੀ ਸੁਖਦੇਵ ਸਿੰਘ ਭੰਗੂ ਨੇ ਅੱਜ ਦੇ ਕੌਮੀ ਵੋਟਰ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਨੌਜਵਾਨਾਂ ਨੂੰ ਵੋਟਰ ਬਣਨ ਦੇ ਤਰੀਕੇ ਦੱਸੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਸਕੂਲ, ਕਾਲਜ ਜਾਂ ਬੀ.ਐਲ.ਓ. ਕੋਲ ਜਾਕੇ 6 ਨੰਬਰ ਫਾਰਮ ਭਰਕੇ ਵੋਟਰ ਬਣ ਸਕਦੇ ਹਨ।
ਸਮਾਰੋਹ ਦੌਰਾਨ 18 ਸਾਲ ਦੇ ਨਾਗਰਿਕਾਂ ਦੇ ਸੰਵਿਧਾਨਕ ਹੱਕਾਂ ਪ੍ਰਤੀ ਜਾਗਰੂਕ ਕਰਦੀ ਚੋਣ ਕਮਿਸ਼ਨ ਦੀ ਸੀ.ਡੀ. ਅਤੇ ਮੁੱਖ ਚੋਣ ਕਮਿਸ਼ਨਰ ਦਾ ਸੁਨੇਹਾ ਵੀ ਦਿਖਾਇਆ ਗਿਆ। ਸਮਾਰੋਹ ਮੌਕੇ ਜ਼ਿਲ੍ਹਾ ਜੰਗਲਾਤ ਅਫ਼ਸਰ ਸ਼੍ਰੀ ਅਜੀਤ ਕੁਲਕਰਨੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਬੰਸ ਸਿੰਘ ਸੰਧੂ, ਨਹਿਰੂ ਯੁਵਾ ਕੇਂਦਰ ਦੇ ਲੇਖਾਕਾਰ ਸ਼੍ਰੀ ਸੰਦੀਪ ਘੰਡ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਸਕੂਲਾਂ-ਕਾਲਜਾਂ ਦੇ ਅਧਿਆਪਕ-ਵਿਦਿਆਰਥੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।
Post a Comment