ਹੁਸ਼ਿਆਰਪੁਰ, 23 ਜਨਵਰੀ:/ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਨਸਵੀ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਵੋਟਰ ਦਿਵਸ ਸਬੰਧੀ 25 ਜਨਵਰੀ 2013 ਨੂੰ ਤਹਿਸੀਲ ਪੱਧਰ ਤੇ ਰਾਸ਼ਟਰੀ ਵੋਟਰ ਦਿਵਸ ਵਿਧਾਨ ਸਭਾ ਹਲਕਾ 45-ਗੜ੍ਹਸ਼ੰਕਰ ਅਤੇ 44-ਚੱਬੇਵਾਲ ਦਾ ਸਾਂਝੇ ਤੌਰ ਤੇ ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿਖੇ ਸਵੇਰੇ 11-00 ਵਜੇ ਮਨਾਇਆ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਵਿਧਾਨ ਸਭਾ ਹਲਕਾ 44-ਚੱਬੇਵਾਲ ਦੇ ਸਮੂਹ ਸੈਕਟਰ ਅਫ਼ਸਰਾਂ ਅਤੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਨੋਡਲ ਅਫ਼ਸਰਾਂ ਨਾਲ ਰਾਸ਼ਟਰੀ ਵੋਟਰ ਦਿਵਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਨਵੈਸਟੀਗੇਟਰ (ਇੰਚਾਰਜ) ਚੋਣ ਕਾਨੂੰਗੋ ਬਲਬੀਰ ਸਿੰਘ ਅਤੇ ਪ੍ਰਦੀਪ ਰਾਜੂ ਵੀ ਇਸ ਮੌਕੇ ਤੇ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2013 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀਆਂ ਵੋਟਾਂ ਬਣਾਉਣਾ ਯਕੀਨੀ ਬਣਾਉਣ ਸਬੰਧੀ ਹਦਾਇਤ ਕੀਤੀ ਗਈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਪਿੰਡਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਅਜਿਹੇ ਵਿਅਕਤੀਆਂ ਦੀ ਵੋਟਾਂ ਬਣਾਈਆਂ ਜਾਣ ਅਤੇ ਕੋਈ ਵੀ ਅਜਿਹਾ ਵਿਅਕਤੀ ਨਾ ਰਹਿ ਜਾਵੇ ਜਿਸ ਦੀ ਵੋਟ ਨਾ ਬਣੀ ਹੋਵੇ। ਉਨ੍ਹਾਂ ਸਮੂਹ ਸੈਕਟਰ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਗੁਰਦੁਆਰਿਆਂ ਅਤੇ ਮੰਦਰਾਂ ਰਾਹੀਂ ਵੀ ਵੱਧ ਤੋਂ ਵੱਧ ਪ੍ਰਚਾਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਵੇਂ ਰਜਿਸਟਰਡ ਹੋਏ ਵੋਟਰਾਂ ਨੂੰ ਸਮਾਗਮ ਵਿੱਚ ਹਾਜ਼ਰ ਹੋਣ ਅਤੇ ਸ਼ਨਾਖਤੀ ਕਾਰਡ ਪ੍ਰਾਪਤ ਕਰਨ ਲਈ ਸੱਦਾ ਪੱਤਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਵੇਂ ਤਿਆਰ ਹੋਏ ਵੋਟਰ ਸ਼ਨਾਖਤੀ ਕਾਰਡ ਪ੍ਰਾਪਤ ਹੋ ਗਏ ਹਨ ਅਤੇ ਉਨ੍ਹਾਂ ਨੂੰ ਚੈਕ ਵੀ ਕਰ ਲਿਆ ਜਾਵੇ।

Post a Comment