ਮਾਨਸਾ, 23 ਜਨਵਰੀ ( ) : ਨੌਜਵਾਨਾਂ ਨੂੰ ਅੱਜ ਦੇ ਮਾਹੌਲ ਵਿੱਚ ਤਣਾਅ-ਮੁਕਤ ਵਾਤਾਵਰਣ ਦੇਣ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਲਗਾਇਆ ਗਿਆ ਤਿੰਨ ਰੋਜ਼ਾ 'ਲਾਈਫ਼ ਸਕਿੱਲ ਐਜੂਕੇਸ਼ਨ' (ਜੀਵਨ ਜਾਚ ਸਿੱਖਿਆ) ਕੈਂਪ ਨਹਿਰੂ ਯੁਵਾ ਕੇਂਦਰ ਮਾਨਸਾ ਵਿਖੇ ਅੱਜ ਸਮਾਪਤ ਹੋ ਗਿਆ। ਕੈਂਪ ਦੇ ਸਮਾਪਤੀ ਸਮਾਰੋਹ 'ਤੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿਚੋਂ ਸਿੱਖੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਅਮਲ ਵਿੱਚ ਲਿਆਉਣ ਕਿਉਂਕਿ ਅਜਿਹੇ ਕੈਂਪ ਨੌਜਵਾਨਾਂ ਨੂੰ ਸਹੀ ਸੇਧ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡਾ ਇਤਿਹਾਸ ਹੈ ਕਿ ਹਮੇਸ਼ਾ ਛੋਟੀ ਉਮਰ ਵਿੱਚ ਹੀ ਕਈ ਸ਼ਖਸੀਅਤਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮਗਨਰੇਗਾ ਯੋਜਨਾ ਅਧੀਨ ਜਲਦੀ ਹੀ 30 ਗ੍ਰਾਮ ਸੇਵਕ ਭਰਤੀ ਕੀਤੇ ਜਾਣੇ ਹਨ, ਜਿਸ ਵਿੱਚ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਕੈਂਪ ਦਾ ਹਿੱਸਾ ਬਣੇ ਨੌਜਵਾਨਾਂ ਨੂੰ ਸਰਟੀਫਿਕੇਟ ਵੀ ਸੌਂਪੇ ਗਏ। ਸ਼੍ਰੀ ਸ਼ਰਮਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵੋਟਾਂ ਬਣਵਾਉਣ ਅਤੇ ਆਪਣੇ ਆਸ-ਪਾਸ ਦੇ 18 ਤੋਂ 19 ਸਾਲ ਦੇ ਨੌਜਵਾਨਾਂ ਨੂੰ ਵੋਟਾਂ ਬਣਵਾਉਣ ਲਈ ਪ੍ਰੇਰਿਤ ਵੀ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲੈਣ ਲਈ ਤਹਿਸੀਲਦਾਰ ਚੋਣਾਂ ਸ਼੍ਰੀ ਸੁਖਦੇਵ ਸਿੰਘ ਭੰਗੂ ਨਾਲ ਮੋਬਾਇਲ ਨੰ. 94177-75444 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀਮਤੀ ਪਰਮਜੀਤ ਸੋਹਲ ਨੇ ਕੈਂਪ ਬਾਰੇ ਜਿੱਥੇ ਬਾਰੀਕੀ ਨਾਲ ਦੱਸਿਆ, ਉਥੇ ਆਸ ਕੀਤੀ ਕਿ ਨੌਜਵਾਨ ਸਿੱਖੇ ਗੁਣਾਂ 'ਤੇ ਅਮਲ ਕਰਕੇ ਕੈਂਪ ਦਾ ਜ਼ਰੂਰ ਲਾਹਾ ਲੈਣਗੇ। ਉਧਰ ਤਿੰਨ ਰੋਜ਼ਾ ਚੱਲੇ ਇਸ ਕੈਂਪ ਵਿੱਚ ਸ਼੍ਰੀ.ਕੇ.ਕੇ.ਸਿੰਗਲਾ ਵੱਲੋਂ ਨਸ਼ਿਆਂ ਅਤੇ ਮਾਪਿਆਂ ਦਾ ਸਤਿਕਾਰ, ਮੈਡਮ ਮੋਨਾ ਖੈੜਾ ਵੱਲੋਂ ਨਸ਼ਾ ਛੁਡਾਊ ਕੇਂਦਰ, ਸ਼੍ਰੀ ਗੁਰਪ੍ਰੀਤ ਸੋਢੀ ਵੱਲੋਂ ਨੌਜਵਾਨਾਂ ਲਈ ਰਹਿਣ-ਸਹਿਣ ਦੀ ਪ੍ਰੀਕ੍ਰਿਆ, ਸ਼੍ਰੀ ਜਸਵੀਰ ਢੰਡ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ, ਮਾਨਸਾ ਰੂਰਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਹਰਦੀਪ ਸਿੰਘ ਸਿੱਧੂ ਵੱਲੋਂ ਕਲੱਬਾਂ ਵਿੱਚ ਨੌਜਵਾਨਾਂ ਦੀ ਭੂਮਿਕਾ ਅਤੇ ਸ਼੍ਰੀ ਜਗਦੀਸ਼ ਰਾਏ ਕੁਲਰੀਆਂ ਵੱਲੋਂ ਟੀਬੀ ਤੇ ਉਸਦੀ ਰੋਕਥਾਮ ਲਈ ਚਾਨਣਾ ਪਾਇਆ ਗਿਆ। ਇਨ੍ਹਾਂ ਸ਼ਖ਼ਸੀਅਤਾਂ ਤੋਂ ਇਲਾਵਾ ਸ਼੍ਰੀ ਪਰਮਜੀਤ ਸਿੰਘ ਵੱਲੋਂ ਟਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਪ੍ਰਬੰਧਕ ਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾਕਾਰ ਸ਼੍ਰੀ ਸੰਦੀਪ ਘੰਡ ਨੇ ਕਿਹਾ ਕਿ ਕੈਂਪ ਦੇ ਤਿੰਨੇ ਦਿਨ ਕੈਂਪਰਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡ ਕੇ ਦਿਮਾਗੀ ਕਸਰਤ ਦੀ ਗੇਮ, ਭਰੂਣ ਹੱਤਿਆ ਅਤੇ ਹੋਰ ਵਿਸ਼ਿਆਂ 'ਤੇ ਵਿਚਾਰ ਚਰਚਾ ਕਰਵਾਈ ਗਈ, ਜਿਨ੍ਹਾਂ ਵਿਚ ਨੌਜਵਾਨਾਂ ਨੇ ਵੱਧ-ਚੜ੍ਹਕੇ ਹਿੱਸਾ ਲਿਆ। ਸ਼੍ਰੀ ਘੰਡ ਨੇ ਨੌਜਵਾਨਾਂ ਲਈ ਅੱਗੇ ਤੋਂ ਵੀ ਅਜਿਹੇ ਕੈਂਪ ਲਗਾਏ ਜਾਣਗੇ।ਇਸ ਮੌਕੇ ਕਾਹਨੇਵਾਲ ਦੇ ਨੌਜਵਾਨ ਰਾਧੇਸ਼ਾਮ ਨੂੰ ਬੈਸਟ ਕੈਂਪਰ ਘੋਸ਼ਿਤ ਕੀਤਾ ਗਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮੰਗਲਜੀਤ ਜੋਗਾ, ਜੁਗਰਾਜ ਸਿੰਘ, ਸਰਬਜੀਤ ਕੌਰ, ਦਰਸ਼ਨ ਚੈਨੇਵਾਲਾ, ਸੁਖਜਿੰਦਰ ਕੌਰ, ਬਲਦੇਵ ਭੈਣੀਬਾਘਾ, ਬਲਜੀਤ ਸਿੰਘ ਉੱਡਤ ਭਗਤ ਰਾਮ, ਨਿਰਮਲ ਮੌਜੀਆ, ਜ਼ਿਲ੍ਹਾ ਯੂਥ ਵੈਲਫੇਅਰ ਐਸੋਸੀਏਸ਼ਨ ਵੱਲੋਂ ਯੋਗਦਾਨ ਪਾਇਆ ਗਿਆ।
-ਕੈਂਪਰਾਂ ਨੂੰ ਸਰਟੀਫਿਕੇਟ ਸੌਂਪਣ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ
-ਵਧੀਕ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਕਰਦੇ ਹੋਏ ਨਹਿਰੂ ਯੁਵਾ ਕੇਂਦਰ ਦੇ ਪ੍ਰਬੰਧਕ

Post a Comment