(ਡੇਰਾਵਾਦ ਵਿਰੁੱਧ ਲੜਾਈ ਜਾਰੀ ਰੱਖਣ ਦਾ ਐਲਾਨ)
ਤਲਵੰਡੀ ਸਾਬੋ 2 ਜਨਵਰੀ (ਰਣਜੀਤ ਸਿੰਘ ਰਾਜੂ) ਸਿੱਖ ਧਰਮ ਦੇ ਉੱਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਨੂੰ ਬੀਤੀ ਕੱਲ੍ਹ ਦੇਰ ਰਾਤ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।ਰਿਹਾਈ ਉਪਰੰਤ ਦੇਰ ਰਾਤ ਕਰੀਬ 11 ਵਜ੍ਹੇ ਸੰਤ ਦਾਦੂਵਾਲ੍ਹ ਆਪਣੇ ਪੰਜਾਬ ਵਿਚਲੇ ਹੈੱਡਕੁਆਟਰ ਗੁਰੂਦੁਆਰਾ ਜੰਡਾਲੀਸਰ ਸਾਹਿਬ ਕੋਟਸ਼ਮੀਰ ਵਿਖੇ ਪੁੱਜੇ।ਉਨ੍ਹਾਂ ਦੀ ਰਿਹਾਈ ਨਾਲ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੰਤ ਦਾਦੂਵਾਲ੍ਹ ਨੂੰ ਹਰਿਆਣਾ ਪੁਲਿਸ ਵੱਲੋਂ ਡੇਰਾ ਸਿੱਖ ਵਿਵਾਦ ਦੇ ਚਲਦਿਆਂ ਸੰਨ 2007 ਵਿੱਚ ਘੁੱਕਿਆਂਵਾਲੀ ਵਿਖੇ ਡੇਰਾ ਸਿਰਸਾ ਮੁਖੀ ਦੀ ਨਾਮ ਚਰਚਾ ਵਿੱਚ ਵਿਘਨ ਪਾਉਣ ਅਤੇ ਸਿਰਸਾ ਵਿਖੇ ਰੇਲ ਗੱਡੀਆਂ ਰੋਕਣ ਦੇ ਚਲਦਿਆਂ ਉਨ੍ਹਾਂ ਤੇ ਦਰਜ ਐੱਫ.ਆਈ.ਆਰ ਨੰ: 90/91 ਅਤੇ 174 ਏ ਦੇ ਤਹਿਤ ਪੀ.ਓ ਕਰਾਰ ਦਿੱਤਾ ਹੋਇਆ ਸੀ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਬੀਤੀ 25 ਦਸੰਬਰ ਨੂੰ ਅੰਮ੍ਰਿਤਸਰ ਦੇ ਗੁਰੂੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਧਰਮ ਪ੍ਰਚਾਰ ਦੌਰੇ ਤੋਂ ਇੰਗਲੈਂਡ ਤੋਂ ਵਾਪਿਸ ਪਰਤੇ ਸਨ।ਬਾਦ ਵਿੱਚ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਡੱਬਵਾਲੀ ਦੀ ਅਦਾਲਤ ਵਿੱਚ ਪੇਸ਼ ਕਰਕੇ ਹਿਸਾਰ ਜੇਲ੍ਹ ਭੇਜ ਦਿੱਤਾ ਸੀ।ਉਨ੍ਹਾਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਨੇ 31 ਦਸੰਬਰ ਨੂੰ ਹਿਸਾਰ ਵਿਖੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਵਿੱਚ ਹਰਿਆਣਾ ਅਤੇ ਪੰਜਾਬ ਦੀਆਂ ਹਜਾਰਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੀ।
ਸੰਤ ਦਾਦੂਵਾਲ੍ਹ ਨੂੰ ਬੀਤੀ ਕੱਲ ਸ਼ਾਮ ਸਿਰਸਾ ਦੀ ਸ਼ੈਸਨ ਅਦਾਲਤ ਵੱਲੋਂ ਦਿੱਤੀ ਗਈ ਜਮਾਨਤ ਤੇ ਰਿਹਾਅ ਕੀਤਾ ਗਿਆ ਹੈ।ਉਨ੍ਹਾਂ ਨੂੰ ਸ਼ੈਸਨ ਅਦਾਲਤ ਵਿਖੇ ਮਾਣਯੋਗ ਜੱਜ ਸ਼੍ਰੀ ਪੀ.ਕੇ ਗੋਇਲ ਨੇ ਜਮਾਨਤ ਦੇ ਦਿੱਤੀ।ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਹੋਏ ਭਾਰੀ ਰੋਸ ਪ੍ਰਦਰਸ਼ਨ ਅਤੇ ਅੱਠ ਜਨਵਰੀ ਨੂੰ ਚੰਡੀਗੜ੍ਹ ਵਿਖੇ ਵੱਡਾ ਰੋਸ ਪ੍ਰਦਰਸ਼ਨ ਕਰਨ ਦੇ ਲਏ ਫੈਸਲੇ ਦੇ ਬਾਦ ਤੋਂ ਹੀ ਉਨ੍ਹਾਂ ਦੀ ਰਿਹਾਈ ਲਈ ਹਰਿਆਣਾ ਦੇ ਪੁਲਿਸ ਪ੍ਰਸ਼ਾਸਨ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀ।ਉੱਧਰ ਸੰਤ ਦਾਦੂਵਾਲ੍ਹ ਦੇ ਬੀਤੀ ਰਾਤ ਹੀ ਗੁਰੂਦੁਆਰਾ ਜੰਡਾਲੀਸਰ ਸਾਹਿਬ ਪੁੱਜਣ ਦੀ ਖਬਰ ਮਿਲਦਿਆਂ ਹੀ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁ:ਜੰਡਾਲੀਸਰ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਦਾਦੂਵਾਲ੍ਹ ਨੇ ਕਿਹਾ ਕਿ ਉਹ ਸਿੱਖ ਧਰਮ ਦਾ ਪ੍ਰਚਾਰ ਅਤੇ ਡੇਰਾਵਾਦ ਵਿਰੁੱਧ ਲੜਾਈ ਇਸੇ ਤਰ੍ਹਾਂ ਜਾਰੀ ਰੱਖਣਗੇ ਭਾਂਵੇ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦੇ ਰਾਸਤੇ ਵਿੱਚ ਜਿੰਨੀਆਂ ਮਰਜੀ ਰੁਕਾਵਟਾਂ ਕਿਉਂ ਨਾਂ ਖੜੀਆਂ ਕਰੇ।ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੇ ਸਿੱਖਾਂ ਪ੍ਰਤੀ ਦੋਹਰੇ ਮਾਪਦੰਡਾਂ ਦਾ ਹੀ ਨਤੀਜਾ ਹੈ ਕਿ ਇੱਕ ਪਾਸੇ ਤਾਂ ਕਤਲ ਅਤੇ ਬਲਾਤਕਾਰ ਵਰਗੇ ਗੰਭੀਰ ਅਪਰਾਧਾਂ ਵਿੱਚ ਅਦਾਲਤੀ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਸੌਦਾ ਸਾਧ ਨੂੰ ਕਦੇ ਥਾਣੇ ਵੀ ਨਹੀ ਬੁਲਾਇਆ ਗਿਆ ਸਗੋਂ ਉਲਟਾ ਉਸ ਨੂੰ ਜੈੱਡ ਸੁਰੱਖਿਆ ਦਿੱਤੀ ਹੋਈ ਹੈ ਅਤੇ ਦੂਜੇ ਪਾਸੇ ਸਿੱਖੀ ਦੇ ਹੱਕ ਵਿੱਚ ਆਵਾਜ ਬੁਲੱੰਦ ਕਰਨ ਵਾਲਿਆਂ ਤੇ ਸੌਦਾ ਸਾਧ ਦਾ ਵਿਰੋਧ ਕਰਨ ਵਾਲਿਆਂ ਨੂੰ ਬੇਵਜ੍ਹਾ ਅਤੇ ਝੂਠੇ ਕੇਸਾਂ ਵਿੱਚ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇ ਦੇਸ਼ ਵਿੱਚ ਕਾਨੂੰਨ ਸਭ ਲਈ ਬਰਾਬਰ ਹੈ ਤਾਂ ਸੌਦਾ ਸਾਧ ਨੂੰ ਵੀ ਉਸ ਤੇ ਚੱਲ ਰਹੇ ਕੇਸਾਂ ਦੇ ਮੱਦੇਨਜਰ ਤੁਰੰਤ ਜੇਲ੍ਹ ਵਿੱਚ ਸੁੱਟਿਆ ਜਾਵੇ।ਉਨ੍ਹਾਂ ਆਪਣੀ ਰਿਹਾਈ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਆਰੰਭੇ ਸੰਘਰਸ਼ ਅਤੇ ਉਨ੍ਹਾਂ ਵਿੱਚ ਯੋਗਦਾਨ ਪਾਉਣ ਵਾਲੇ ਸਿੱਖ ਆਗੂਆਂ, ਸਿੱਖ ਸੰਗਤਾਂ ਤੇ ਇਲੈੱਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਦਾ ਧੰਨਵਾਦ ਵੀ ਕੀਤਾ।


Post a Comment