ਲੁਧਿਆਣਾ, 2 ਜਨਵਰੀ (ਸੱਤਪਾਲ ਸੋਨੀ / ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ. ਸੇਵਾ ਸਿੰਘ ਸੇਖਵਾਂ ਨੇ ਕੇਂਦਰ ਦੀ ਕਾਂਗਰਸ ਤੇ ਸਹਿਯੋਗੀ ਦਲਾਂ ਦੀ ਸਰਕਾਰ ਤੇ ਦੋਹਰੀ ਨੀਤੀ ਤਹਿਤ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਅੱਜ ਦੇਸ਼ ਦੀ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਉਠ ਚੁੱਕਾ ਹੈ ਕਿਉਂਕਿ ਉਸਦੀਆਂ ਨੀਤੀਆਂ ਲੋਕਵਿੋਰਧੀ ਹਨ।
ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਮੌਕੇ ਤੇ ਉਹਨਾਂ ਦੇ ਨਾਲ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ , ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ, ਸ. ਅਵਤਾਰ ਸਿੰਘ ਸੇਖਵਾਂ, ਸੁਖਜਿੰਦਰ ਸਿੰਘ ਬਾਵਾ, ਨੌਜਵਾਨ ਆਗੂ ਮਹਿੰਦਰ ਸਿੰਘ ਸੰਧੂ, ਹਰਦੇਵ ਸਿੰਘ ਵਾਲੀਆ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ ।
ਸ. ਸੇਖਵਾਂ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਵਿਕਾਸ ਦੇ ਨਾਮ ਤੇ ਸਬਸੀਡੀਆਂ ਖਤਮ ਕਰਨ ਦਾ ਉਦੇਸ਼ ਦੇਸ਼ ਦੀ ਜਨਤਾ ਨੂੰ ਆਰਥਿਕ ਤੌਰ ਤੇ ਬਰਬਾਦ ਕਰ ਦੇਵੇਗਾ। ਬਾਰ ਬਾਰ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਚ ਇਹ ਗਲ ਕਹਿਕੇ ਵਾਧਾ ਕੀਤਾ ਜਾਂਦਾ ਰਿਹਾ ਹੈ ਕਿ ਤੇਲ ਕੰਪਨੀਆਂ ਭਾਰੀ ਘਾਟੇ ਚ ਹਨ ਲੇਕਿੰਨ ਸੱਚਾਈ ਇਹ ਹੈ ਕਿ ਕੇਂਦਰ ਸਰਕਾਰ ਵੱਡੇ ਉਦਯੋਗਿਕ ਘਰਾਣਿਆਂ ਨੂੰ ਲਾਭ ਪਹੁੰਚਾਣ ਲਈ ਕੰਮ ਕਰ ਰਹੀ ਹੈ ਅਤੇ ਦੇਸ਼ ਦੀਆਂ ਤੇਲ ਕੰਪਨੀਆਂ ਭਾਰੀ ਮੁਨਾਫਾ ਕਮਾ ਰਹੀਆਂ ਹਨ।
ਸਾਬਕਾ ਮੰਤਰੀ ਤੇ ਪਾਰਟੀ ਬੁਲਾਰੇ ਸ. ਸੇਖਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗਿਣੀ ਮਿੱਥੀ ਨੀਤੀ ਤਹਿਤ ਹੀ ਇੱਕ ਵਾਰ ਫਿਰ ਤੋਂ ਤੇਲ ਕੀਮਤਾਂ ਵਿਚ ਵਾਧਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਡੀਜ਼ਲ ਅਤੇ ਐਲ.ਪੀ.ਜੀ ਤੋਂ ਸਬਸੀਡੀਆਂ ਖਤਮ ਕਰਨ ਲਈ ਯੋਜਨਾ ਉਲੀਕੀ ਜਾ ਰਹੀ ਹੈ ਜਿਸਦਾ ਸ਼੍ਰੋਮਣੀ ਅਕਾਲੀ ਦਲ ਭਰਵਾਂ ਵਿਰੋਧ ਕਰਦਾ ਹੈ। ਉਹਨਾਂ ਕਿਹਾ ਡੀਜ਼ਲ ਤੇ ਐਲ.ਪੀ.ਜੀ. ਦੀਆਂ ਕੀਮਤਾਂ ਵੱਧਣ ਨਾਲ ਟਰਾਂਸਪੋਰਟ ਤੇ ਖੇਤੀ ਸੈਕਟਰ ਜੋ ਪਹਿਲਾਂ ਹੀ ਬੁਰੀ ਤਰ•ਾਂ ਮੰਦੇ ਦਾ ਸ਼ਿਕਾਰ ਹੈ ਬਰਬਾਦ ਹੋ ਜਾਵੇਗਾ । ਸੇਖਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੱਡੇ ਉਦਯੋਗਿਕ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਨੀਤੀ ਤੋਂ ਧਿਆਨ ਹਟਾਕੇ ਦੇਸ਼ ਦੀ ਆਮ ਜਨਤਾ ਨੂੰ ਆਰਥਿਕ ਤੌਰ ਤੇ ਬਰਬਾਦ ਹੋਣ ਤੋਂ ਬਚਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
: ਸਾਬਕਾ ਮੰਤਰੀ ਅਕਾਲੀ ਦਲ ਦੇ ਬੁਲਾਰੇ ਸੇਵਾ ਸਿੰਘ ਸੇਖਵਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਹਨ ਸੁਖਵਿੰਦਰਪਾਲ ਸਿੰਘ ਗਰਚਾ ਆਦਿ ।


Post a Comment