ਜਥੇਦਾਰ ਬਾਬਾ ਦਾਦੂਵਾਲ ਦੀ ਰਿਹਾਈ ਲਈ ਆਵਾਜ਼ ਉਠਾਉਣ: ਭਾਈ ਸ਼ਿਵਤੇਗ ਸਿੰਘ

Tuesday, January 01, 20130 comments


ਦਹੇਧਾਰੀ ਗੁਰੂ ਡੰਮ੍ਹ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਆਪਣੇ ਮਤਭੇਦ ਭੁਲਾ ਕੇ ਇੱਕਜੁਟ ਹੋ ਕੇ ਬਾਬਾ ਦਾਦੂਵਾਲ ਦੀ ਰਿਹਾਈ ਲਈ ਅੱਗੇ ਆਉਣ
ਬਠਿੰਡਾ  (ਕਿਰਪਾਲ ਸਿੰਘ): ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸਿੰਘ, ੧੭ ਮਈ ੨੦੦੭ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਵਿਖੇ ਸਿੱਖ ਸੰਗਤਾਂ ਦੇ ਹੋਏ ਇਕੱਠ ਵਿੱਚ ਪੰਜ ਸਿੰਘ ਸਾਹਿਬਾਨਾਂ ਦੇ ਦਸਖਤਾਂ ਹੇਠ ਅਕਾਲ ਤਖ਼ਤ ਦੇ ਲੈੱਟਰਪੈਡ 'ਤੇ ਜਾਰੀ ਹੋਏ ਹੁਕਮਨਾਮੇ ਦੀ ਤਾਮੀਲ ਕਰਦੇ ਹੋਏ ਸੌਦਾ ਸਾਧ ਦੀਆਂ ਨਾਮ ਚਰਚਾਵਾਂ ਦਾ ਵਿਰੋਧ ਕਰਦੇ ਆ ਰਹੇ ਹਨ। ਇਸ ਲਈ ਜਥੇਦਾਰ ਅਕਾਲ ਤਖ਼ਤ ਦਾ ਫਰਜ ਬਣਦਾ ਹੈ ਕਿ ਉਹ ਸਭ ਤੋਂ ਮੋਹਰੀ ਰੂਪ ਵਿਚ ਸੌਦਾ ਸਾਧ ਵਿਰੁੱਧ ਲੜਾਈ ਲੜ ਰਹੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਰਿਹਾਈ ਲਈ ਆਵਾਜ਼ ਉਠਾਉਣ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਅਕਾਲ ਤਖ਼ਤ ਤੋਂ ਉੱਘੇ ਕੀਰਤਨੀਏ ਤੇ ਸਿੱਖ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਸਮਾਗਮਾਂ 'ਤੇ ਪਾਬੰਦੀ ਲਾਈ ਗਈ ਸੀ। ਆਸਨਸੋਲ ਅਤੇ ਹੋਰ ਕਈ ਥਾਂਈ ਉਨ੍ਹਾਂ ਦਾ ਕੀਰਤਨ ਸਮਾਗਮ ਰੁਕਵਾਉਣ ਲਈ ਪ੍ਰੋ: ਦਰਸ਼ਨ ਸਿੰਘ ਅਤੇ ਗੁਰਦੁਆਰਿਆਂ 'ਤੇ ਹਮਲੇ ਕਰਨ ਵਾਲਿਆਂ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਸ: ਅਵਤਾਰ ਸਿੰਘ ਮੱਕੜ ਅਕਾਲ ਤਖ਼ਤ ਦਾ ਹੁਕਨਾਮਾ ਮੰਨਣ ਵਾਲੇ ਗੁਰੂ ਦੇ ਅਸਲੀ ਸਿੰਘ ਕਹਿ ਕੇ ਸ਼ਾਬਾਸ਼ ਦਿੰਦੇ ਰਹੇ ਹਨ। ਪਰ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਵਾਂਗ ਰਚ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ 'ਤੇ ਸੌਦਾ ਸਾਧ ਦੀਆਂ ਨਾਮ ਚਰਚਾਵਾਂ 'ਤੇ ਪਾਬੰਦੀ ਲਾਉਂਦੇ ਹੋਏ ਉਨ੍ਹਾਂ ਵਿਰੁਧ ੧੭ ਮਈ ੨੦੦੭ ਨੂੰ ਹੁਕਨਾਮਾ ਜਾਰੀ ਕੀਤਾ ਗਿਆ ਸੀ। ਪਰ ਇਸ ਹੁਕਨਾਮੇ 'ਤੇ ਅਮਲ ਕਰਨ ਵਾਲਿਆਂ 'ਤੇ ਬਾਦਲ ਸਰਕਾਰ ਦੀ ਪੁਲਿਸ ਲਾਠੀ ਚਾਰਜ ਕਰ ਰਹੀ ਹੈ ਤੇ ਜੇਲ੍ਹਾਂ ਵਿੱਚ ਸੁੱਟ ਰਹੀ ਹੈ, ਇੱਥੋਂ ਤੱਕ ਕਿ ਕਈ ਥਾਂ ਗੋਲੀ ਚਲਾ ਕੇ ਸਿੰਘ ਸ਼ਹੀਦ ਵੀ ਕੀਤੇ ਜਾ ਚੁੱਕੇ ਹਨ। ਬਾਬਾ ਦਾਦੂਵਾਲ ਨੇ ਸੌਦਾ ਸਾਧ ਵਿਰੁੱਧ ਜਾਰੀ ਹੋਏ ਹੁਕਮਨਾਮੇ 'ਤੇ ਫੁੱਲ ਚੜ੍ਹਾਉਂਦੇ ਹੋਏ ਜੁਲਾਈ ੨੦੦੭ ਵਿੱਚ ਘੁੱਕਿਆਂਵਾਲੀ (ਹਰਿਆਣਾ) ਵਿਖੇ ਸੌਦਾ ਸਾਧ ਦੀ ਨਾਮ ਚਰਚਾ ਦਾ ਵਿਰੋਧ ਕਰਨ ਲਈ ਹੀ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਉਣ ਦਾ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ, ਜਿਸ ਦੌਰਾਨ ਦੋਵਾਂ ਧਿਰਾਂ ਵੱਲੋਂ ਕੁਝ ਤਲਖ ਕਲਾਮੀ ਹੋਣ ਕਰਕੇ ਕੁਝ ਝੜਪਾਂ ਵੀ ਹੋ ਗਈਆਂ ਸਨ, ਜਿਨ੍ਹਾਂ ਵਿੱਚ ਸੌਦਾ ਪ੍ਰੇਮੀਆਂ ਦਾ ਕੋਈ ਵੀ ਬੰਦਾ ਜਖਮੀ ਨਹੀਂ ਹੋਇਆ ਸੀ। ਇਨ੍ਹਾਂ ਝੜਪਾਂ ਕਾਰਨ ਜੁਲਾਈ ੨੦੦੭ ਵਿੱਚ ਬਾਬਾ ਦਾਦੂਵਾਲ ਸਮੇਤ ਕੁਝ ਸਿੰਘਾਂ ਤੇ ਕੇਸ ਦਰਜ ਕੀਤਾ ਗਿਆ ਸੀ। ਪੰਜ ਸਾਲ ਤੋਂ ਵੱਧ ਦੇ ਸਮੇਂ ਵਿੱਚ ਉਨ੍ਹਾਂ ਨੂੰ ਹਰਿਆਣਾ ਪੁਲਿਸ ਵੱਲੋਂ ਕੋਈ ਨੋਟਿਸ ਨਹੀਂ ਭੇਜਿਆ ਗਿਆ ਹਾਲਾਂ ਕਿ ਉਹ ਪੰਜਾਬ ਤੇ ਹਰਿਆਣਾ ਵਿੱਚ ਨਿਰੰਤਰ ਸਮਾਗਮ ਕਰਦੇ ਰਹੇ ਹਨ ਅਤੇ ਉਨ੍ਹਾਂ ਦਾ ਹੈੱਡਕੁਆਰ ਦਾਦੂਵਾਲ ਵੀ ਹਰਿਆਣਾ ਪ੍ਰਦੇਸ਼ ਵਿੱਚ ਹੀ ਸਥਿਤ ਹੈ। ਪਰ ਅਚਾਨਕ ਵਿਦੇਸ਼ ਫੇਰੀ ਤੋਂ ਵਾਪਸੀ 'ਤੇ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਉਤਰਦਿਆਂ ਹੀ ਉਸ ਵੇਲਾ ਲੰਘਾ ਚੁੱਕੇ ਕੇਸ ਵਿੱਚ ਗ੍ਰਿਫ਼ਤਾਰੀ ਕਰਕੇ ਹਰਿਆਣਾ ਪੁਲਿਸ ਦੇ ਹਵਾਲੇ ਕਰਨਾ ਤੇ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਹਿਸਾਰ ਜੇਲ੍ਹ ਵਿੱਚ ਨਜ਼ਰ ਬੰਦ ਕਰ ਦਿੱਤੇ ਜਾਣ ਵਿੱਚ ਪੰਜਾਬ ਸਰਕਾਰ ਦਾ ਹੱਥ ਜਾਪਦਾ ਹੈ। ਕਿਉਂਕਿ ਜਿਸ ਬਾਬਾ ਦਾਦੂਵਾਲ ਨੂੰ ਹਰਿਆਣਾ ਪੁਲਿਸ ਨੇ ੫ ਸਾਲ ਤੱਕ ਗ੍ਰਿਫ਼ਤਾਰ ਨਹੀਂ ਸੀ ਕੀਤਾ ਉਸ ਨੂੰ ਪੰਜਾਬ'ਚੋਂ ਗ੍ਰਿਫ਼ਤਾਰ ਕਰਕੇ ਹਰਿਆਣਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹੈਰਾਨੀ ਹੈ ਕਿ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਹੋਏ ਹੁਕਨਾਮੇ ਦੀ ਤਾਮੀਲ ਕਰਨ ਵਾਲਿਆਂ ਨੂੰ ਸ਼ਾਬਸ਼ੀ ਦੇਣ ਵਾਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਅਤੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਾਬਾ ਦਾਦੂਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਇੱਕ ਸ਼ਬਦ ਤੱਕ ਨਹੀਂ ਬੋਲਿਆ। ਇਸ ਤੋਂ ਪਤਾ ਲਗਦਾ ਹੈ ਕਿ ਜਥੇਦਾਰ ਵੱਲੋਂ ਹੁਕਨਾਮਿਆਂ ਦੇ ਕੇਸ ਵਿੱਚ ਦੂਹਰਾ ਰੋਲ ਨਿਭਾਇਆ ਜਾ ਰਿਹਾ ਹੈ। ਭਾਵ ਉਹ ਉਨ੍ਹਾਂ ਹੁਕਨਾਮਿਆਂ ਨੂੰ ਲਾਗੂ ਕਰਵਾਉਣ ਲਈ ਹੀ ਕਾਰਵਾਈ ਕਰਦੇ ਹਨ ਜਿਹੜੇ ਸਤਾਧਾਰੀ ਅਕਾਲੀ ਦਲ ਦੇ ਹੱਕ ਵਿੱਚ ਜਾਂਦੇ ਹਨ। ਤੇ ਜਿਹੜੇ ਹੁਕਨਾਮੇ ਕਿਸੇ ਵੋਟ ਰਾਜਨੀਤੀ ਕਾਰਨ ਲਾਗੂ ਕਰਵਾਉਣਾ ਉਸ ਦੇ ਵਿਰੁੱਧ ਜਾਂਦੇ ਹੋਣ ਉਨ੍ਹਾਂ ਸਬੰਧੀ ਦੜ ਵੱਟ ਲਈ ਜਾਂਦੀ ਹੈ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਜਥੇਦਾਰ ਜੀ 'ਤੇ ਦੂਹਰਾ ਰੋਲ ਨਿਭਾਉਣ ਦੇ ਇਹ ਦੋਸ਼ ਅਕਾਲ ਤਖ਼ਤ ਦੀ ਮਹਾਨ ਸੰਸਥਾ ਨੂੰ ਢਾਹ ਲਾ ਰਹੇ ਹਨ ਤੇ ਇਸ ਦੂਹਰੇ ਰੋਲ ਕਾਰਣ ਹੀ ਪੰਥਕ ਜਥੇਬੰਦੀਆਂ ਨੂੰ ਜਥੇਦਾਰ ਦਾ ਬਾਈਕਾਟ ਕਰਨ ਵਾਲਾ ਨਾਖੁਸ਼ਗਵਾਰ ਅਸਧਾਰਨ ਫੈਸਲਾ ਕਰਨਾ ਪਿਆ ਸੀ। ਇਸ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਰਪੱਖ ਹੋ ਕੇ ਸਾਰੇ ਹੁਕਮਨਾਮੇ ਇੱਕਸਾਰ ਲਾਗੂ ਕਰਵਾਉਣ ਲਈ ਕਾਰਵਾਈ ਕਰਦੇ ਹੋਏ ਬਾਬਾ ਦਾਦੂਵਾਲ ਜੀ ਦੀ ਰਿਹਾਈ ਲਈ ਅੱਗੇ ਆਉਣ। ਜੇ ਕਰ ਉਹ ਐਸਾ ਨਹੀਂ ਕਰ ਸਕਦੇ ਤਾਂ ਉਹ ਸਾਰੇ ਹੁਕਨਾਮੇ ਵਾਪਸ ਲੈ ਲੈਣ ਤਾਂ ਕਿ ਉਨ੍ਹਾਂ ਦੀ ਤਾਮੀਲ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਰੁਲਣਾ ਨਾ ਪਏ।  ਭਾਈ ਸ਼ਿਵਤੇਗ ਸਿੰਘ ਨੇ ਦੇਹਧਾਰੀ ਗੁਰੂ ਡੰਮ੍ਹ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਆਪਣੇ ਮਤਭੇਦ ਭੁਲਾ ਕੇ ਇੱਕਜੁਟ ਹੋ ਕੇ ਬਾਬਾ ਦਾਦੂਵਾਲ ਦੀ ਰਿਹਾਈ ਲਈ ਅੱਗੇ ਆਉਣ ਦੀ ਵੀ ਅਪੀਲ ਕੀਤੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger