ਝੁਨੀਰ, 20 ਜਨਵਰੀ ( ਸੰਜੀਵ ਸਿੰਗਲਾ): ਬੇਸਕ ਪੂਰੇ ਪੰਜਾਬ ਨੂੰ ਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਆਪਣੀ ਜਕੜ ‘ਚ ਲੈ ਰੱਖਿਆਂ ਹੈ ਪਰ ਮਾਨਸਾ ਜ਼ਿਲੇ ਦੀ ਸਰਦੂਲਗੜ੍ਹ ਤਹਿਸੀਲ ਦਾ ਪਿੰਡ ਫਤਿਹਪੁਰ ‘ਚ ਕੈਂਸਰ ਦੀ ਮਾਰ ਜਿਆਦਾ ਵੇਖਣ ਨੂੰ ਮਿਲ ਰਹੀ ਹੈ।ਇਸ ਪਿੰਡ ‘ਚ ਜਿੱਥੇ ਦਰਜਨਾ ਮੌਤਾ ਕੈਂਸਰ ਕਾਰਨ ਹੋ ਚੁਕੀਆਂ ਹਨ।ਉੱਥੇ ਪਿੰਡ ‘ਚ ਕੈਂਸਰ ਕਾਰਨ ਹੋਈ 28 ਵੀ ਮੌਤ ਨੇ ਪੂਰੇ ਪਿੰਡ ‘ਚ ਸਹਿਮ ਪੈਦਾ ਕਰ ਦਿੱਤਾ ਹੈ।ਪਿੰਡ ਦਾ ਹਰ ਵਿਆਕਤੀ ਇਸ ਗੱਲੋ ਡਰ ਰਿਹਾ ਹੈ ਕਿਤੇ ਉਹ ਵੀ ਇਸ ਨਾਮੁਰਾਦ ਬਿਮਾਰੀ ਦੀ ਗ੍ਰਿਫਤ ‘ਚ ਨਾ ਆ ਜਾਣ ਪਰ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਸ ਤੋ ਬੇਖਬਰ ਲੱਗਦਾ ਹੈ।ਪਿੰਡ ਵਾਸੀਆਂ ਵੱਲੋ ਕੈਂਸਰ ਸਬੰਧੀ ਰਿਪੋਰਟਾ ਅਤੇ ਮੌਤਾ ਸਬੰਧੀ ਕਈ ਵਾਰੀ ਮੀਡੀਆ ਰਾਹੀ ਪਸ਼ਾਸਨ ਅਤੇ ਸਬੰਧਤ ਮਹਿਕਮੇ ਨੂੰ ਜਾਣੂ ਕਰਵਾਇਆ ਹੈ ਪਰ ਕੋਈ ਗੌਰ ਹੀ ਨਹੀ ਹੋਈ ਜਿਸ ਦਾ ਨਤੀਜਾ ਸਾਹਮਣੇ ਹੈ ਆਏ ਦਿਨ ਕੋਈ ਨਾ ਕੋਈ ਕੈਂਸਰ ਦਾ ਸ਼ਿਕਾਰ ਹੋ ਰਿਹਾ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਮਜਬੀ ਸਿੱਖ ਜਾਤੀ ਨਾਲ ਸਬੰਧ ਰੱਖਣ ਵਾਲ ਬਲਕਾਰ ਸਿੰਘ ਪੁੱਤਰ ਤੇਜਾ ਸਿੰਘ ਪਿਛਲੇ ਡੇਢ-ਦੋ ਸਾਲਾਂ ਤੋ ਕੈਂਸਰ ਨਾਲ ਪੀੜਤ ਸੀ।ਘਰ ‘ਚ ਇਕੱਲਾ ਹੀ ਕਮਾਉਣ ਵਾਲਾ ਹੋਣ ਕਰਕੇ ਆਪਣਾ ਇਲਾਜ ਚੰਗੇ ਡਾਕਟਰਾ ਤੋ ਨਹੀ ਕਰਵਾ ਸੱਕਿਆ।ਪਿਛਲੇ ਛੇ ਮਹੀਨਿਆ ਤੋ ਬਲਕਾਰ ਸਿੰਘ ਨੇ ਮੰਜਾ ਮੱਲਿਆ ਹੋਇਆ ਸੀ ਤੇ ਘਰ ਦਾ ਗੁਜਰਾ ਚਲਾਉਣ ਲਈ ਉਸ ਦੇ ਵੱਡੇ ਲੜਕੇ ਬੂਟਾ ਸਿੰਘ ਉਮਰ 13 ਸਾਲ ਨੂੰ ਪਿਤਾ ਦਾ ਇਲਾਜ ਅਤੇ ਪਰਿਵਾਰ ਦੀ ਜਿਮੇਵਾਰੀ ਦੇ ਬੋਝ ਨੇ ਪੜਾਈ ਵਿਚਾਲੇ ਛੱਡਾਕੇ ਮਜਦੂਰੀ ਕਰਨ ਲਈ ਮਜਬੂਰ ਕਰ ਦਿੱਤਾ।ਬਲਕਾਰ ਸਿੰਘ ਦੀ ਪਤਨੀ ਨਸੀਬ ਕੌਰ ਨੇ ਭਰੇ ਮਨ ਨਾਲ ਸਰਕਾਰ ਅਤੇ ਪ੍ਰਸ਼ਾਸਨ ਤੇ ਰੋਸ਼ ਜਿਤਾਉਦਿਆ ਦੱਸਿਆ ਕਿ ਉਹਨਾ ਨੂੰ ਨਾ ਕਿਸੇ ਹਸਪਤਾਲ, ਪ੍ਰਸਾਸਨ , ਸਬੰਧਤ ਮਹਿਕਮੇ ਅਤੇ ਸਰਕਾਰ ਵੱਲੋ ਕੋਈ ਸਹਾਇਤਾ ਨਹੀ ਕੀਤੀ ਗਈ।ਜਦੋ ਉਹਨਾ ਨੂੰ ਸਰਕਾਰ ਵੱਲੋ ਕੈਂਸਰ ਪੀੜਤਾ ਦੀ ਕੀਤੀ ਜਾਦੀ ਮਦੱਦ ਵਾਰੇ ਕਿਹਾ ਤਾਂ ਉਹਨਾਂ ਕਿਹਾ ਕਿ ਅਸੀ ਤਾਂ ਅਣਪੜ੍ਹ ਹਾਂ ਸਾਨੂੰ ਤਾਂ ਇਸ ਵਾਰੇ ਪਤਾ ਹੀ ਨਹੀ ਕਿ ਸਰਕਾਰ ਵੱਲੋ ਕੈਂਸਰ ਪੀੜਤਾ ਨੂੰ ਸਹਾਇਤਾ ਦਿੱਤੀ ਜਾਦੀ ਹੈ? ਨਸੀਬ ਕੌਰ ਦੇ ਬਿਆਨ ਤੋ ਪਤਾ ਚਲਦਾ ਹੈ ਕਿ ਸਰਕਾਰ ਵੱਲੋ ਕੈਂਸਰ ਪੀੜਤਾ ਦੇ ਇਲਾਜ ਸਬੰਧੀ ਦਿੱਤੀ ਜਾਂਦੀ ਮਦੱਦ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ‘ਚ ਸਿਹਤ ਵਿਭਾਗ ਆਪਣੀ ਕਿੰਨੀ ਜਿਮੇਵਾਰੀ ਨਿਭਾ ਰਿਹਾ ਹੈ? ਜਦੋ ਇਸ ਸਬੰਧੀ ਪੰਜਾਬੀ ਜਾਗਰਣ ਦੀ ਟੀਮ ਨੇ ਪਿੰਡ ਵਾਸੀ ਤੋ ਇਸ ਸਬੰਧੀ ਵਧੇਰੇ ਜਾਣਕਾਰੀ ਲੈਣੀ ਚਾਹੀ ਤਾ ਪਤਾ ਚੱਲਿਆ ਕਿ ਪਿੰਡ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੇ ਵਾਟਰ ਵਰਕਸ ‘ਚ ਧਰਤੀ ਹੇਠਲਾ ਪਾਣੀ ਹੀ ਵਰਤਿਆ ਜਾਂਦਾ ਹੈ ਜੋ ਪਿੰਡ ‘ਚ ਕੈਂਸਰ ਪੈਦਾ ਕਰਨ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਪਿੰਡ ਵਾਸੀਆ ਨੇ ਕਿਹਾ ਕਿ ਪਿੰਡ ਦੇ ਵਿੱਚ ਦੀ ਭਾਖੜਾ ਨਹਿਰ ਲੰਘ ਰਹੀ ਹੈ ਜੇਕਰ ਭਾਖੜਾ ਨਹਿਰ ਦਾ ਪਾਣੀ ਹੀ ਵਾਟਰ ਵਰਕਸ ਰਾਹੀ ਪਿੰਡ ਨੂੰ ਪੀਣ ਲਈ ਮੁਹਈਆ ਕਰਵਾਇਆ ਜਾਵੇ ਤਾਂ ਕੁਝ ਹੱਦ ਤੱਕ ਪਿੰਡ ਨੂੰ ਕੈਂਸਰ ਵਰਗੀ ਬਿਮਾਰੀ ਤੋ ਬਚਾਇਆ ਜਾ ਸਕਦਾ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ‘ਚ 28 ਮੌਤਾ ਕੈਂਸਰ ਨਾਲ ਹੋ ਚੁਕੀਆਂ ਹਨ ਤੇ ਦਰਜਨ ਮਰੀਜ ਪਿੰਡ ‘ਚ ਮੌਜੂਦ ਹਨ।ਸਮੇ-ਸਮੇਂ ਸਿਰ ਅਖਬਾਰਾ ‘ਚ ਇਸ ਸਬੰਧੀ ਖਬਰਾਂ ਵੀ ਪ੍ਰਕਾਸਿਤ ਹੋ ਚੁਕੀਆਂ ਹਨ ਪਰ ਨਾ ਪ੍ਰਸ਼ਾਸਨ ਅਤੇ ਨਾ ਹੀ ਸਬੰਧਤ ਮਹਿਕਮੇ ਵੱਲੋ ਕੋਈ ਵੀ ਟੀਮ ਪਿੰਡ ‘ਚ ਨਹੀ ਭੇਜੀ ਗਈ।ਉਹਨਾ ਕਿਹਾ ਕਿ ਜੇਕਰ ਸਮੂਹ ਪਿੰਡ ਵਾਸੀਆਂ ਦੇ ਕੈਂਸਰ ਅਤੇ ਹਪੈਟਾਈਟਸ ਦੇ ਚੈਂਕਅਪ ਕੀਤੇ ਜਾਣ ਤਾਂ ਨਤੀਜੇ ਹੈਰਾਨੀਜਨਕ ਨਿਕਲਣਗੇ।ਉਹਨਾ ਪੰਜਾਬ ਸਰਕਾਰ, ਬੀਬੀ ਹਰਸਿਮਰਤ ਕੌਰ ਬਾਦਲ, ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਤੋ ਇੱਕ ਵਾਰ ਫਿਰ ਮੰਗ ਕੀਤੀ ਕਿ ਇਸ ਮਾਮਲੇ ਸਬੰਧੀ ਸਾਡੇ ਪਿੰਡ ਫਤਿਹਪੁਰ ਵੱਲ ਜਰੂਰ ਧਿਆਨ ਦਿੱਤਾ ਜਾਵੇ। ਇਸ ਮੌਕੇ ਬਿਕਰਮਜੀਤ ਸਿੰਘ ਮੋਹਲ, ਜਸਪ੍ਰੀਤ ਸਿੰਘ, ਨਛਤਰ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਸਮਸੇਰ ਸਿੰਘ ਫੋਜੀ, ਹਰਵੰਤ ਸਿੰਘ ਸੂਬੇਦਾਰ, ਮਿੱਠੂ ਚਹਿਲ, ਕਾਕਾ ਸਿੰਘ ਚੇਅਰਮੈਨ ਆਦਿ ਹਾਜ਼ਿਰ ਸਨ।
Post a Comment