ਚੰਡੀਗੜ• 20 ਜਨਵਰੀ-ਵਿਰਾਸਤੀ ਖੇਡ ਗੱਤਕਾ ਨੂੰ ਕੌਮਾਂਤਰੀ ਪੱਧਰ ’ਤੇ ਪ੍ਰਫੁੱਲਿਤ ਕਰਨ ਅਤੇ ਮਾਨਤਾਪ੍ਰਾਪਤ ਖੇਡ ਵਜੋਂ ਪ੍ਰਚੱਲਿਤ ਕਰਨ ਲਈ ਜਿੱਥੇ ਗੱਤਕਾ ਖੇਡ ਦੀ ਟਰੇਨਿੰਗ ਤਕਨੀਕ ਵਿਕਸਤ ਕੀਤੀ ਗਈ ਹੈ ਉਥੇ ਹੀ ਗੱਤਕਾ ਟੂਰਨਾਮੈਂਟਾਂ ਦੇ ਵਧੀਆ ਸੰਚਾਲਨ ਲਈ ਸਮੁੱਚੀ ਪ੍ਰਬੰਧਕੀ ਪ੍ਰਣਾਲੀ ਦਾ ਕੰਪਿਊਟਰੀਕਰਨ ਲੱਗਭੱਗ ਮੁਕੰਮਲ ਹੋਣ ਵਾਲਾ ਹੈ ਤਾਂ ਜੋ ਗੱਤਕਾ ਖੇਡ ਪ੍ਰਤੀ ਆਮ ਵਿਅਕਤੀ ਵੀ ਆਕਰਸ਼ਿਤ ਹੋ ਸਕੇ। ਇਹ ਪ੍ਰਗਟਾਵਾ ਅੱਜ ਇੱਥੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਪ੍ਰਕਾਸ਼ਤ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਨ ਉਪਰੰਤ ਕੀਤਾ।ਉਹਨਾਂ ਕਿਹਾ ਕਿ ਗੱਤਕਾ ਫੈਡਰੇਸ਼ਨ ਵੱਲੋਂ ਗੱਤਕਾ ਰੈਫਰੀਆਂ ਤੇ ਕੋਚਾਂ ਨੂੰ ਖੇਡ ਤਕਨੀਕਾਂ ਤੋਂ ਬਿਹਤਰ ਢੰਗ ਨਾਲ ਜਾਣੂ ਕਰਵਾਉਣ ਅਤੇ ਗੱਤਕਾ ਖਿਡਾਰੀਆਂ ਨੂੰ ਫੈਡਰੇਸ਼ਨ ਦੀ ਨਿਯਮਾਂਵਲੀ ਮੁਤਾਬਿਕ ਸਿਖਲਾਈ ਦੇਣ ਲਈ ਲਈ ਪੰਜਾਬ ਅਤੇ ਦੇਸ਼ ਭਰ ਵਿੱਚ ਟਰੇਨਿੰਗ ਕੈਂਪ ਅਤੇ ਰਿਫਰੈਸ਼ਰ ਕੋਰਸ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਕੰਪਿਊਟਰਾਈਜ਼ੇਸ਼ਨ ਪ੍ਰਾਜੈਕਟ ਤਹਿਤ ਦੇਸ਼ ਦੇ ਸਮੂਹ ਗੱਤਕਾ ਖਿਡਾਰੀਆਂ, ਕੋਚਾਂ ਅਤੇ ਰੈਫਰੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਉਪਰੰਤ ਉਹਨਾਂ ਨੂੰ ਬਾਰਕੋਡ ਵਾਲੇ ਸਮਾਰਟ ਆਈ-ਕਾਰਡ ਜਲਦ ਜਾਰੀ ਕੀਤੇ ਜਾਣਗੇ ਅਤੇ ਖਿਡਾਰੀਆਂ ਦੀ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੀ ਗਰੇਡਿੰਗ ਵੀ ਕੀਤੀ ਜਾਇਆ ਕਰੇਗੀ।ਉਨਾਂ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਐਸ.ਪੀ ਸਿੰਘ ਓਬਰਾਏ ਅਤੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਵੱਲੋਂ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਵੱਡੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਇਹ ਸਵੈ-ਰੱਖਿਆ ਵਾਲੀ ਖੇਡ ਖੇਡਣ ਲਈ ਪ੍ਰੇਰਿਤ ਕਰੇ ਤਾਂ ਜੋ ਨੌਜਵਾਨ ਵਿਸ਼ੇ-ਵਿਕਾਰਾਂ ਅਤੇ ਨਸ਼ਿਆਂ ਤੋਂ ਬਚ ਕੇ ਵਿਰਾਸਤ ਨਾਲ ਜੁੜੇ ਰਹਿਣ ਅਤੇ ਗੱਤਕੇ ਦੀ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾਇਆ ਜਾ ਸਕੇ।ਇਸ ਮੌਕੇ ਹਰਜੀਤ ਸਿੰਘ ਗਰੇਵਾਲ ਜਨਰਲ ਸਕੱਤਰ ਗੱਤਕਾ ਫੈਡਰੇਸਨ ਆਫ ਇੰਡੀਆ ਨੇ ਦੱਸਿਆ ਕਿ ਗੱਤਕਾ ਫੈਡਰੇਸ਼ਨ ਵੱਲੋਂ ’ਸਿੰਘ’ ਅਤੇ ’ਕੌਰ’ ਦੇ ਇਤਿਹਾਸਕ ਅਤੇ ਵਿਰਾਸਤੀ ਸ਼ਬਦ ਦੀ ਅਹਿਮਿਅਤ ਦੇ ਮੱਦੇਨਜ਼ਰ ਇਨਾਂ ਪਦਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਵੱਡੇ ਕਾਰਜ ਵਜੋਂ ਇਕ ਵਿਲੱਖਣ ੂਸਿੰਘ ਅਤੇ ਕੌਰ ਵਾਰੀਅਰ ਇੰਟਰਨੈਸ਼ਨਲੂ ਪ੍ਰੋਗਰਾਮ ਕਰਵਾਉਣ ਦਾ ਉਪਰਾਲਾ ਆਰੰਭਿਆ ਹੈ ਜਿਸ ਦੌਰਾਨ ਸਾਬਤ-ਸੂਰਤ ਨੌਜਵਾਨਾਂ ਦੀ ਪ੍ਰਤਿੱਭਾ, ਪੌਸ਼ਾਕ, ਜਾਹੋ-ਜਲਾਲ, ਲਿਆਕਤ, ਸ਼ਸ਼ਤਰ ਵਿਦਿਆ ਅਤੇ ਵਿਰਾਸਤੀ ਜਾਗਰੂਕਤਾ ਦੀ ਪਰਖ ਦੇ ਅਧਾਰ ’ਤੇ ਚੋਣ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੌਮਾਂਤਰੀ ਪੱਧਰ ਦੇ ਇਸ ਪਲੇਠੇ, ਨਿਵੇਕਲੇ ਅਤੇ ਆਧੁਨਿਕ ਢੰਗ ਨਾਲ ਵਿਉਂਤਬੱਧ ਕੀਤੇ ਪ੍ਰੋਗਰਾਮ ਦੌਰਾਨ ਪੂਰੇ ਭਾਰਤ ਵਿੱਚੋਂ ਅਤੇ ਵੱਖ-ਵੱਖ ਦੇਸ਼ਾਂ ਦੇ 20 ਤੋਂ 32 ਸਾਲ ਤੱਕ ਦੇ ਗੁਰਸਿੱਖ ਗੱਤਕਾ ਖਿਡਾਰੀ ਅਤੇ ਖਿਡਾਰਨਾਂ ਨੂੰ ਇਸ ਮਾਣਮੱਤੇ ਪ੍ਰੋਗਰਾਮ ਰਾਹੀਂ ਆਪਣੀ ਕਲਾ, ਹੁਨਰ ਅਤੇ ਪ੍ਰਤਿੱਭਾ ਦਿਖਾਉਣ ਦਾ ਖੁੱਲ•ਾ ਅਤੇ ਸੁਨਿਹਰੀ ਮੌਕਾ ਮਿਲੇਗਾ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਨੌਜਵਾਨ ਪੀੜ•ੀ ਨੂੰ ਆਪਣੇ ਧਾਰਮਿਕ ਅਕੀਦੇ, ਅਮੀਰ ਵਿਰਸੇ ਅਤੇ ਰਵਾਇਤੀ ਸੱਭਿਆਚਾਰ ਨਾਲ ਜੋੜਨ ਅਤੇ ਉਚਿੱਤ ਜਾਣਕਾਰੀ ਦੇਣ ਤੋਂ ਇਲਾਵਾ ਸਿੱਖ ਸ਼ਸ਼ਤਰ ਵਿੱਦਿਆ ਗੱਤਕਾ ਦਾ ਵਿਧੀਵਤ ਪਸਾਰ ਅਤੇ ਪ੍ਰਚਾਰ ਵੀ ਕਰਨਾ ਹੈ।ਉਨਾਂ ਦੱਸਿਆ ਕਿ ਇਸ ਸਮੁੱਚੇ ਪ੍ਰੋਗਰਾਮ ਦੀ ਦੇਖ-ਰੇਖ ਲਈ ਵਿਰਸਾ ਸੰਭਾਲ ਵਿੰਗ ਦੇ ਰਾਸ਼ਟਰੀ ਵਾਈਸ ਚੇਅਰਮੈਨ ਸ. ਮਨਜੀਤ ਸਿੰਘ ਅੰਮ੍ਰਿਤਸਰ ਨੂੰ ਪ੍ਰਮੁੱਖ ਕੋਅਰਡੀਨੇਟਰ ਨਾਮਜਦ ਕੀਤਾ ਗਿਆ ਹੈ ਅਤੇ ਵੱਖ-ਵੱਖ ਰਾਜਾਂ ਅਤੇ ਦੇਸ਼ਾਂ ਵਿਚ ਵੀ ਸਹਾਇਕ ਕੋਅਰਡੀਨੇਟਰ ਲਾਏ ਜਾਣਗੇ। ਇਸ ਮੌਕੇ ਮਨਜੀਤ ਸਿੰਘ ਗੱਤਕਾ ਮਾਸਟਰ ਵੱਲੋਂ ਸ੍ਰੀ ਢੀਂਡਸਾ ਨੂੰ ਗੱਤਕੇ ਦੇ ਇਤਿਹਾਸ ਸਬੰਧੀ ਲਿਖੀ ਪੁਸਤਕ ੂਜ਼ਫ਼ਰਨਾਮਾੂ ਵੀ ਭੇਂਟ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਰਪ੍ਰਸਤ ਗਿਆਨੀ ਰਣਜੀਤ ਸਿੰਘ ਪਟਿਆਲਾ, ਕਾਨੂੰਨੀ ਸਲਾਹਕਾਰ ਐਡਵੋਕੇਟ ਦਲਜੀਤ ਕੌਰ, ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸੰਯੁਕਤ ਸਕੱਤਰ ਡਾ. ਦੀਪ ਸਿੰਘ ਚੰਡੀਗੜ ਅਤੇ ਅਵਤਾਰ ਸਿੰਘ ਪਟਿਆਲਾ, ਇੰਟਰਨੈਸ਼ਨਲ ਫ਼ਤਹਿ ਅਕੈਡਮੀ ਅੰਮ੍ਰਿਤਸਰ ਦੇ ਚੇਅਰਮੈਨ ਜਗਬੀਰ ਸਿੰਘ, ਵਿਰਸਾ ਸੰਭਾਲ ਵਿੰਗ ਦੇ ਕੋਆਰਡੀਨੇਟਰ ਅਤੇ ਜਿਲਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਤੂਰ, ਵਿਰਸਾ ਸੰਭਾਲ ਵਿੰਗ ਦੇ ਆਰਗੇਨਾਈਜ਼ਰ ਜਗਦੀਸ਼ ਸਿੰਘ ਕੁਰਾਲੀ ਅਤੇ ਪਰਮਿੰਦਰ ਸਿੰਘ ਪਾਉਂਟਾ ਸਾਹਿਬ ਆਦਿ ਵੀ ਵਿਸ਼ੇਸ ਤੌਰ ’ਤੇ ਹਾਜਰ ਸਨ।
Post a Comment