ਝੁਨੀਰ-22 ਜਨਵਰੀ(ਸੰਜੀਵ ਸਿੰਗਲਾ) ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਧਰਮਿਕ ਸਥਾਨਾਂ ਅਤੇ ਹੋਰ ਸਮਾਜਿਕ ਸਮਾਗਮਾਂ ਵਿੱਚ ਚਲਦੇ ਉੱਚੀ ਅਵਾਜ ਸਪੀਕਰਾਂ ਦੀ ਅਵਾਜ ਕਈ ਕਿਸਮਾਂ ਦੇ ਸਰਕਾਰੀ, ਕਾਨੂੰਨੀ ਅਤੇ ਧਾਰਮਿਕ ਫੁਰਮਾਨ ਜ਼ਾਰੀ ਹੋਣ ਦੇ ਬਾਵਜੂਦ ਵੀ ਅੱਜ ਤੱਕ ਚੁੱਪ ਨਹੀਂ ਹੋਈ। ਅੱਜ ਵੀ ਇਹ ਸਪੀਕਰ ਇਨ੍ਹਾ ਸਥਾਨਾਂ ’ਤੇ ਸ਼ਾਮ ਸਵੇਰੇ ਆਮ ਦੀ ਤਰ੍ਹਾਂ ਹੀ ਉੱਚੀ ਅਵਾਜ ਵਿੱਚ ਖੜਕ ਰਹੇ ਹਨ। ਹੈਰਾਨੀ ਤਾਂ ਇਸ ਗੱਲ ਵਿੱਚ ਵੀ ਹੈ ਕਿ ਸੱਤ ਸਾਲ ਪਹਿਲਾਂ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਵਾਉਂਣ ਲਈ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਅੱਜ ਤੱਕ ਕਿਸੇ ਖ਼ਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ।ਜਦੋਂ ਕਿ ਨਿਯਮਾਂ ਮੁਤਾਬਿਕ ਕੋਈ ਵੀ ਥਾਣਾ ਮੁਖੀ,ਮੈਜ਼ਸਟਰੇਟ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਐਸ. ਡੀ. ਓ. ਕਾਨੂੰਨ ਮੁਤਾਬਿਕ ਸੀ.ਆਰ.ਪੀ.ਸੀ ਦੀ ਧਾਰਾ 133 ਜਾਂ ਆਈ.ਪੀ.ਸੀ ਦੀ ਧਾਰਾ 268,90,91 ਤਹਿਤ ਕਾਰਵਾਈ ਕਰਕੇ ਪਰਚਾ ਦਰਜ ਕਰ ਸਕਦਾ ਹੈ ।ਅਦਾਲਤ ਦੋਸ਼ੀ ਨੂੰ ਛੇ ਮਹੀਨੇ ਤੱਕ ਕੈਦ ਅਤੇ ਇੱਕ ਹਜ਼ਾਰ ਰੁਪੈ ਤੱਕ ਜੁਰਮਾਨਾ ਜਾਂ ਦੋਵੇ ਹੀ ਕਰ ਸਕਦੀ ਹੈ। ਇਨ੍ਹੀ ਦਿਨੀਂ ਸਪੀਕਰਾਂ ਦੀਆਂ ਕੰਨ ਪਾੜਵੀਆਂ ਅਵਾਜਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ । ਸਰਦੂਲਗੜ੍ਹ ਸ਼ਹਿਰ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਅਮਨਦੀਪ ਸਿੰਘ ਅਤੇ ਮਨਦੀਪ ਸਿੰਘ ਨੇ ਦੱਸਿਆ ਇਨ੍ਹਾਂ ਉੱਚੀ ਅਵਾਜ ਸਪੀਕਰਾਂ ਕਾਰਨ ਸਾਡੀ ਪੜ੍ਹਾਈ ਵਿੱਚ ਬਹੁਤ ਵਿਘਨ ਪੈਂਦਾ ਹੈ । ਸ਼ੋਰ ਕਾਰਨ ਕਿਸੇ ਵੀ ਵਿਸ਼ੇ ਨੂੰ ਯਾਦ ਕਰਨਾ ਕਾਫ਼ੀ ਮੁਸ਼ਕਲ ਹੁੰਦਾ ਹੈ । ਸਾਡੇ ਘਰਾਂ ਵਿੱਚ ਤਾਂ ਬਿਜਲੀ ਦੇ ਕੱਟ ਸਮੇਂ ਹਨੇਰਾ ਛਾ ਜਾਂਦਾ ਹੈ ਪਰ ਧਾਰਮਿਕ ਸਥਾਨਾਂ ਵਾਲਿਆਂ ਕੋਲ ਤਾਂ ਆਪਣੇ ਜਨਰੇਟਰ ਅਤੇ ਇਨਵਰਟਰ ਹਨ ਇਸੇ ਤਰਾਂ ਉਹ ਤਾਂ ਇੱਕ ਪਲ ਵੀ ਸਪੀਕਰ ਬੰਦ ਨਹੀਂ ਹੋਣ ਦਿੰਦੇ। ਪਿੰਡਾਂ ਅਤੇ ਸ਼ਹਿਰਾਂ ਦੇ ਕਈ ਧਾਰਮਿਕ ਸਥਾਨਾਂ ਵਿਆਹ ਸਮਾਗਮਾਂ ਵਿੱਚ ਤਾਂ ਸਵੇਰੇ ਤਿੰਨ ਕੁ ਵਜਦੇ ਨਾਲ ਹੀ ਉੱਚੀ ਅਵਾਜ ਸਪੀਕਰਾਂ ਦੇ ਬਟਨ ਦੱਬ ਦਿੰਦੇ ਹਨ।ਸਪੀਕਰਾਂ ਦਾ ਇਹ ਚੀਕ ਚਿਹਾੜਾ ਬਿਨਾਂ ਕਿਸੇ ਡਰ ਦਿਨ ਰਾਤ ਚੱਲਦਾ ਰਹਿੰਦਾ ਹੈ। ਗੁਰਦਵਾਰਿਆਂ ,ਮੰਦਰਾਂ,ਚਰਚਾਂ,ਮਸਜਿਦਾਂ ,ਡੇਰਿਆਂ ਅਤੇ ਮੈਰਿਜ਼ ਪੈਲੇਸਾਂ ਦੇ ਨਜ਼ਦੀਕ ਵਾਲੇ ਘਰਾਂ ਵਾਲਿਆਂ ਨੂੰ ਤਾਂ ਸ਼ਾਮ ਸਵੇਰੇ ਕੰਨ ਪਾਈ ਵੀ ਸੁਣਾਈ ਨਹੀਂ ਦਿੰਦੀ । 2005 ਤੋਂ ਬਾਅਦ ਲਗਾਤਾਰ ਜ਼ਾਰੀ ਕੀਤੇ ਗਏ ਹੁਕਮਾਂ ਦੇ ਬਾਵਜੂਦ ਵੀ ਸਪੀਕਰਾਂ ਦੇ ਬੰਦ ਨਾ ਹੋਣ ਦੀ ਚਿੰਤਾ ਕਰਦਿਆਂ ਪੰਜਾਬ ਦੇ ਸਿੱਖਿਆ ਵਿਭਾਗ ਦੇ ਡੀ.ਜੀ.ਐਸ.ਈ. ਕਾਹਨ ਸਿੰਘ ਪੰਨੂੰ ਨੇ 31 ਦਸੰਬਰ 2012 ਨੂੰ ਪੱਤਰ ਨੰਬਰ 9142 ਰਾਹੀਂ ਪੰਜਾਬ ਦੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਹਿਤ ਵਿਭਾਗ , ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਸਾਰੇ ਕਮਿਸ਼ਨਰਾਂ , ਐਸ .ਐਸ.ਪੀਜ਼, ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ , ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਮੂਹ ਸਕੂਲ ਮੁਖੀਆਂ ਨੂੰ ਜਨਵਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੇਰ ਰਾਤ ਅਤੇ ਸਵੇਰੇ ਜ਼ਲਦੀ ਉੱਚੀ ਅਵਾਜ ਚਲਦੇ ਸਪੀਕਰਾਂ ਨੂੰ ਬੰਦ ਕੀਤੇ ਜਾਣ ਦੀ ਅਪੀਲ ਕੀਤ ਸੀ ਪਰ ਅੱਜ ਤੱਕ ਵੀ ਕਿਸੇ ਪਾਸੇ ਕੋਈ ਸ਼ਾਂਤੀ ਨਹੀਂ ਪਸਰੀ ਅਤੇ ਉੱਚੀ ਅਵਾਜ ਵੱਜਦੇ ਇਹ ਸਪੀਕਰ ਆਮ ਦੀ ਤਰ੍ਹਾਂ ਹੀ ਖੜਕ ਰਹੇ ਹਨ। ਡੀ.ਜੀ.ਐਸ.ਈ ਦੀ ਬੇਨਤੀ ਨਾਂ ਤਾਂ ਕਿਸੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਨੇ ਕਬੂਲ ਕੀਤੀ ਹੈ ਅਤੇ ਨਾ ਹੀ ਕਿਸੇ ਪੁਲੀਸ ਮੁਖੀ ਨੇ । ਇਸ ਬੇਨਤੀ ਨੂੰ ਨਾ ਹੀ ਪੰਜਾਬ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵਿਚਾਰਿਆ ਹੈ ਅਤੇ ਨਾ ਹੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ । ਸਕੂਲ ਮੁਖੀਆਂ ਨੇ ਵੀ ਪੰਜਾਬ ਸਿੱਖਿਆ ਵਿਭਾਗ ਦੇ ਮੁਖੀ ਦੇ ਹੁਕਮਾਂ ਨੂੰ ਟਿੱਚ ਕਰਕੇ ਹੀ ਜਾਣਿਆ ਹੈ ।ਪੱਤਰ ਵਿੱਚ ਸਕੂਲ ਮੁਖੀਆਂ ਨੂੰ ਸਕਾਂਲਾਂ ਦੀਆਂ ਪ੍ਰਬੰਧਕ ਕਮੇਟੀਆਂ ,ਪਿੰਡ ਦੇ ਮੋਹਤਬਰਾਂ,ਪੰਚਾਇਤ ਮੈਂਬਰਾਂ,ਕਲੱਬ ਪ੍ਰਧਾਨਾਂ ,ਵਿਦਿਆਰਥੀਆਂ ਦੇ ਮਾਪਿਆਂ, ਵਿਦਿਆਰਥੀਆਂ ਅਤੇ ਸਰਪੰਚਾਂ ਨੂੰ ਨਾਲ ਨਾਲ ਲੈ ਕੇ ਉੱਚੀ ਅਵਾਜ ਸਪੀਕਰ ਲਗਾਉਂਣ ਵਾਲੇ ਧਾਰਮਿਕ ਸਥਾਨਾਂ ਦੇ ਮੁਖੀਆਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਅਪੀਲ ਕਰਨ ਲਈ ਕਿਹਾ ਸੀ ਪਰ ਕਿਸੇ ਵੀ ਸਕੂਲ ਮੁਖੀ ਨੇ ਅੱਜ ਤੱਕ ਇਸ ਤਰ੍ਹਾਂ ਨਹੀਂ ਕੀਤਾ । ਜਿਕਰ ਯੋਗ ਹੈ ਕਿ ਸਪਰੀਮ ਕੋਰਟ ਨੇ ਰਿੱਟ ਪਟੀਸ਼ਨ ਨੰ: 72 ਆਫ਼ 1998 ਦਾ 18/07/2005 ਨੂੰ ਫੈਸਲਾਂ ਕਰਦਿਆਂ ਹੁਕਮ ਜ਼ਾਰੀ ਕੀਤਾ ਸੀ ਕਿ ਕਿਸੇ ਵੀ ਧਾਰਮਿਕ ਸਥਾਨ ’ਤੇ ਸ਼ਾਮ ਨੂੰ ਦਸ ਵਜੇ ਤੋਂ ਬਾਅਦ ਅਤੇ ਸਵੇਰੇ ਛੇ ਵਜੇ ਤੋਂ ਪਹਿਲਾਂ ਉੱਚੀ ਅਵਾਜ ਸਪੀਕਰ ਨਹੀਂ ਚਲਾਏ ਜਾ ਸਕਣਗੇ । ਇਨ੍ਹਾਂ ਸਪੀਕਰਾਂ ਦੀ ਅਵਾਜ ਧਾਰਮਿਕ ਸਥਾਨ ਦੀ ਹਦੂਦ ਤੱਕ ਹੀ ਸੀਮਤ ਰੱਖੀ ਜਾਵੇ।ਭਾਰਤ ਸਰਕਾਰ ਨੇ ਨਾਇਜ ਪਲੂਸ਼ਨ ਰੂਲ 2000 ਐਕਟ 1986 ਰਾਹੀਂ ਸ਼ਾਮ ਦਸ ਵਜੇ ਤੋਂ ਸਵੇਰ ਛੇ ਵਜੇ ਤੱਕ ਉੱਚੀ ਅਵਾਜ ਬੰਦ ਰੱਖਣ ਦਾ ਹੁਕਮ ਪਾਸ ਕੀਤਾ ਸੀ । ਪੰਜਾਬ ਸਰਕਾਰ ਨੇ ਐਕਟ , 1956 ਦੀ ਧਾਰਾ 3 ਅਤੇ 4 ਵਿੱਚ ਵੀ ਦਰਜ ਕੀਤਾ ਹੋਇਆ ਹੈ ਕਿ ਸ਼ਾਮ ਦਸ ਵਜੇ ਤੋਂ ਬਾਅਦ ਅਤੇ ਸਵੇਰੇ ਛੈ ਵਜੇ ਤੋਂ ਪਹਿਲਾਂ ਉੱਚੀ ਅਵਾਜ ਸਪੀਕਰ ਲਗਾਉਂਣਾ ਕਾਨੂੰਨੀ ਜੁਰਮ ਹੈ ਜਿਸਦੀ ਸਜਾ ਛੇ ਮਹੀਨੇ ਕੈਦ ਅਤੇ ਇੱਕ ਹਜ਼ਾਰ ਰੁਪੈ ਜ਼ੁਰਮਾਨਾ ਕੀਤਾ ਜਾ ਸਕਦਾ ਹੈ । ਸਿੱਖ ਧਰਮ ਦੇ ਸਰਬ ਉੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ 23/11/2005 ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਨੇ ਇੱਕ ਹੁਕਮਨਾਮਾ ਜ਼ਾਰੀ ਕਰਕੇ ਗੁਰਦਵਾਰਿਆਂ ਦੇ ਗ੍ਰੰਥੀ ਸਿੰਘਾਂ ਅਤੇ ਹੋਰ ਮੁਖੀਆਂ ਨੂੰ ਕਿਹਾ ਸੀ ਕਿ ਕਿਸੇ ਵਿਸ਼ੇਸ ਦਿਨ ਤੋਂ ਸਿਵਾਏ ਧਾਰਮਿਕ ਸਥਾਂਨ ਵਿੱਚ ਚਲਾਏ ਜਾਂਦੇ ਸਪੀਕਰ ਦੀ ਅਵਾਜ ਗੁਰਦਵਾਰਾ ਸਾਹਿਬ ਦੀ ਹਦੂਦ ਤੱਕ ਹੀ ਸੀਮਤ ਰੱਖੀ ਜਾਵੇ ਪਰ ਅਕਾਲ ਤਖਤ ਸਾਹਿਬ ਦਾ ਇਹ ਹੁਕਮਨਾਮਾ ਵੀ ਕਿਸੇ ਮੁਖੀ ਨੇ ਨਹੀਂ ਮੰਨਿਆ । ਜਦੋਂ ਇਸ ਸਬੰਧੀ ਸਕੂਲ ਮੁਖੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਅਸਲ ਵਿੱਚ ਕੋਈ ਵੀ ਅਧਿਆਪਕ ਧਾਰਮਿਕ ਮਸਲਿਆਂ ’ਤੇ ਦਖ਼ਲ ਦੇਣਾ ਪਸੰਦ ਹੀ ਨਹੀਂ ਕਰਦਾ ਅਤੇ ਨਾ ਹੀ ਪਿੰਡਾਂ ਦੇ ਲੋਕ ਇਹ ਗੱਲ ਮੰਨਣ ਨੂੰ ਤਿਆਰ ਹੀ ਹਨ। ਪੜ੍ਹਾਈ ਦਾ ਮਸਲਾ ਹੈ ਤਾਂ ਬਹੁਤ ਅਹਿਮ ਪਰ ਕੀਤਾ ਕੀ ਜਾਵੇ। ਜਦੋਂ ਇਸ ਸਬੰਧੀ ਪੁਲੀਸ ਥਾਨਾ ਸਰਦੂਲਗੜ੍ਹ ਸੰਪਰਕ ਕੀਤਾਂ ਤਾਂ ਥਾਨਾ ਮੁਨਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉੱਚੀ ਅਵਾਜ ਵਜਦੇ ਸਪੀਕਰਾਂ ਦੀ ਕੋਈ ਵੀ ਸ਼ਿਕਾਇਤ ਨਾ ਤਾਂ ਕਦੇ ਆਈ ਹੈ ਅਤੇ ਨਾ ਹੀ ਕਿਸੇ ’ਤੇ ਕਦੇ ਕੋਈ ਪਰਚਾ ਹੀ ਦਰਜ਼ ਕੀਤਾ ਗਿਐ। ਸਰਦੂਲਗੜ੍ਹ ਇਲਾਕੇ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੀ ਵਰਤ ਕੇ ਉੱਚੀ ਅਵਾਜ ਸਪੀਕਰਾਂ ’ਤੇ ਪੀਖਿਆਵਾਂ ਤੱਕ ਜਾਬਤਾ ਲਾਵੇ।

Post a Comment