ਨਾਭਾ, 14 ਜਨਵਰੀ (ਜਸਬੀਰ ਸਿੰਘ ਸੇਠੀ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਡੇ ਪੱਧਰ ਤੇ ਦਿੱਲੀ ਸਿੱਖ ਗੁਰੁਦੂਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗਾ ਕਿਉਂਕਿ ਦਿੱਲੀ ਦੇ ਸਿੱਖ ਹੁਣ ਸਮਝ ਗਏ ਹਨ ਕਿ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਬਣੀ ਹੋਈ ਪਿਛਲੀ ਕਮੇਟੀ ਨੇ ਕਿਸ ਤਰ੍ਹਾਂ ਗੁਰੂ ਘਰ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪ ਵੀ ਪਾਰਟੀ ਦੇ ਹੁਕਮਾਂ ਨਾਲ ਦਿੱਲੀ ਜਾਣਗੇ ਪਾਰਟੀ ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਵੇਗੀ ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤਾਂ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰ ਸਕਣ। ਸ. ਲਾਲਕਾ ਨੇ ਕਿਹਾ ਕਿ ਲੋਕ ਭਲੀਭਾਂਤ ਜਾਣਦੇ ਹਨ ਕਿ ਸਰਨਾ ਭਰਾ ਕਾਂਗਰਸ ਨਾਲ ਮਿਲ ਚੁੱਕੇ ਹਨ ਜਿਹੜੀ ਕਾਂਗਰਸ ਨੇ ਸਿੱਖਾਂ ਨੂੰ ਜਿਉਂਦਿਆਂ ਤੇਲ ਪਾ ਕੇ ਸਾੜਿਆ ਉਨ੍ਹਾਂ ਜਖਮਾਂ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਗੁਰਸੇਵਕ ਸਿੰਘ ਗੋਲੂ, ਧਰਮ ਸਿੰਘ ਧਾਰੋਂਕੀ, ਬਲਤੇਜ ਸਿੰਘ ਖੋਖ, ਵਿਜੈ ਕੁਮਾਰ ਕੈਦੂਪੁਰ, ਜਸਨਦੀਪ ਕੈਦੂਪੁਰ, ਕਰਤਾਰ ਸਿੰਘ ਅਲੌਹਰਾਂ, ਜਸਵੀਰ ਸਿੰਘ ਛਿੰਦਾ ਆਦਿ ਹਾਜਰ ਸਨ।

Post a Comment