ਹੁਸ਼ਿਆਰਪੁਰ, 19 ਜਨਵਰੀ/ ਨੌਜਵਾਨਾਂ ਵੱਲੋਂ ਕੀਤੇ ਗਏ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਹ ਵਿਚਾਰ ਸਥਾਨਕ ਸਰਕਾਰਾਂ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਚੁੰਨੀ ਲਾਲ ਭਗਤ ਨੇ ਅੱਜ ਕਸਬਾ ਹਰਿਆਣਾ ਦੇ ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ ਵਿਖੇ ਲਾਇਨ ਹਾਰਟ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕੇਂਦਰਾਂ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜੋ ਬੀਮਾਰ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਮੌਕੇ ਤੇ ਖੂਨ ਦੇ ਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਅਤੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਲਾਇਨਜ਼ ਹਾਰਟ ਕਲੱਬ ਵੱਲੋਂ ਪਿੰਡਾਂ ਵਿੱਚ ਜਾਗੋ ਪੰਜਾਬ ਲਹਿਰ ਰਾਹੀਂ ਨਸ਼ਿਆਂ ਵਿਰੁੱਧ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਇਸ ਮੌਕੇ ਤੇ ਉਨ੍ਹਾਂ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਵੰਡੇ ਅਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਕੈਬਨਿਟ ਮੰਤਰੀ ਪੰਜਾਬ ਨੇ 2 ਲੱਖ ਰੁਪਏ ਜਿਸ ਵਿੱਚ 1 ਲੱਖ ਰੁਪਏ ਲਾਇਨ ਹਾਰਟ ਕਲੱਬ ਨੂੰ ਅਤੇ 1 ਲੱਖ ਰੁਪਏ ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ ਨੂੰ ਦੇਣ ਦਾ ਐਲਾਨ ਕੀਤਾ।
ਲਾਇਨ ਹਾਰਟ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਸੀਕਰੀ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਖੂਨਦਾਨ ਕੈਂਪ ਵਿੱਚ ਐਨ.ਐਸ.ਐਸ. ਯੂਨਿਟ ਦੇ 30 ਨੌਜਵਾਨਾਂ ਨੇ ਖੂਨਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਜਾਗੋ ਪੰਜਾਬ ਲਹਿਰ ਅਧੀਨ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਛਡਾਓ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਸਿਵਲ ਹਸਪਤਾਲ ਦੇ ਮਾਹਿਰ ਡਾਕਟਰ ਡਾ. ਅਮਰਜੀਤ ਪਾਲ, ਡਾ. ਰਣਜੀਤ ਕੌਰ, ਡਾ. ਬਲਜਿੰਦਰ ਕੌਰ ਅਤੇ ਡਾ. ਸੁਰਿੰਦਰ ਕੁਮਾਰ ਨੇ ਪੂਰਾ ਸਹਿਯੋਗ ਦਿੱਤਾ ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਧਾਨ ਅਨੁਸੂਚਿਤ ਜਾਤੀ ਪੰਜਾਬ ਭਾਜਪਾ ਅਵਤਾਰ ਸਿੰਘ ਸੀਕਰੀ, ਮੀਤ ਪ੍ਰਧਾਨ ਪੰਜਾਬ ਭਾਜਪਾ ਮਹਿੰਦਰ ਭਗਤ, ਸਕੱਤਰ ਭਾਜਪਾ ਪਵਨ ਹੰਸ, ਮੰਡਲ ਪ੍ਰਧਾਨ ਗੁਰਿੰਦਰ ਸਿੰਘ, ਪ੍ਰਧਾਨ ਵੈਲਫੇਅਰ ਸੁਸਾਇਟੀ ਹਿਰਦੇਪਾਲ ਸਿੰਘ, ਮੈਂਬਰ ਵੈਲਫੇਅਰ ਸੁਸਾਇਟੀ ਮਹਿੰਦਰ ਸਿੰਘ, ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਇੰਦੂ ਬਾਲਾ ਸ਼ਰਮਾ, ਪ੍ਰੋ: ਜਸਪਾਲ ਸਿੰਘ, ਪ੍ਰੋ: ਜਸਵੰਤ ਸਿੰਘ, ਪ੍ਰੋ: ਇੰਦਰਜੀਤ ਸਿੰਘ, ਕੁਲਜੀਤ ਸਿੰਘ, ਜਗਮੋਹਨ ਸਿੰਘ, ਜਗਤਾਰ ਸਿੰਘ, ਰਮਨਦੀਪ ਸਿੰਘ, ਰਾਜੀਵ ਕਪਲਾ, ਅਜੇ ਚੋਪੜਾ, ਕੁਲਵਰਨ ਸਿੰਘ, ਗੁਰਦੀਪ ਸਿੰਘ, ਕੁਲਦੀਪ ਬਹਿਲ ਅਤੇ ਹੋਰ ਪਤਵੰਤੇ ਹਾਜ਼ਰ ਸਨ।
Post a Comment