16 ਜਨਵਰੀ () : ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਨਵੇਂ ਸਾਲ ਵਿਚ ਪਹਿਲੀ ਸਾਲਾਨਾ ਇਕੱਤ੍ਰਤਾ ਨਿਊਟਨ ਲਾਇਬ੍ਰੇਰੀ ਸਰੀ ਵਿਖੇ ਜਰਨੈਲ ਸਿੰਘ ਆਰਟਿਸਟ ਦੀ ਸੰਚਾਲਣਾ ਹੇਠ ਨਵੇਂ ਵਰ੍ਹੇ ਤੇ ਲੋਹੜੀ ਮਾਘੀ ਦੀਆਂ ਮੁਬਾਰਕਾਂ ਦੇਣ ਨਾਲ ਸ਼ੁਰੂ ਹੋਈ। ਰਚਨਾਵਾਂ ਦਾ ਦੌਰ ਸ਼ੁਰੂ ਹੋਣ 'ਤੇ ਨਰਿੰਦਰ ਬਾਈਆ ਨੇ ਔਰਤ ਦੀ ਤਰਾਸਦੀ ਨੂੰ ਬਿਆਨ ਕਰਦੀ ਕਵਿਤਾ ਸੁਣਾਈ। ਗਿੱਲ ਮਨਸੂਰ ਦੀ ਕਵਿਤਾ ਔਰਤ ਦੀ ਸ਼ਕਤੀ ਦਾ ਪ੍ਰਗਟਾ ਕਰਦੀ ਸੀ। ਇੰਦਰਜੀਤ ਧਾਮੀ ਦੀ ਕਵਿਤਾ ਅਲੰਕਾਰਾਂ, ਬਿੰਬਾਂ ਤੇ ਉਪਮਾਵਾਂ ਨਾਲ ਸ਼ਿੰਗਾਰੀ ਹੋਈ ਸੀ। ਸੁਰਜੀਤ ਕਲਸੀ ਦੀ ਕਵਿਤਾ ਦਿੱਲੀ ਵਿਚ ਬਲਾਤਕਾਰ ਦੀ ਘਿਨਾਉਣੀ ਘਟਨਾ ਤੇ ਅਧਾਰਤ ਸੀ ਜਿਸ ਵਿਚ ਬਲਾਤਕਾਰੀਆਂ ਲਈ ਅਜੇਹੀ ਭਿਆਨਕ ਸਜ਼ਾ ਦੀ ਮੰਗ ਕੀਤੀ ਗਈ ਸੀ ਕਿ ਮੁੜ ਅਜੇਹੀਆਂ ਘਟਨਾਵਾਂ ਨਾ ਵਾਪਰਨ। ਇਹਨਾਂ ਰਚਨਾਵਾਂ 'ਤੇ ਵਿਚਾਰ ਚਰਚਾ ਕਰਨ ਵਾਲੇ ਸਨ, ਸੁਰਿੰਦਰ ਸਹੋਤਾ, ਬਰਜਿੰਦਰ ਢਿੱਲੋਂ, ਮੁਹਿੰਦਰ ਸੂਮਲ, ਅਜਮੇਰ ਰੋਡੇ, ਅਮਰਜੀਤ ਸ਼ਾਂਤ, ਨਦੀਮ ਪਰਮਾਰ, ਸਾਧੂ ਬਿਨਿੰਗ, ਸੁਖਵੰਤ ਹੁੰਦਲ, ਜਰਨੈਲ ਸਿੰਘ ਸੇਖਾ, ਹਰੀ ਤਾਤਲਾ, ਹਰਬੰਸ ਢਿੱਲੋਂ ਅਤੇ ਕਈ ਹੋਰ।ਜਰਨੈਲ ਸਿੰਘ ਸੇਖਾ ਨੇ ਅਪਣੀ ਨਵੀਂ ਛਪੀ ਪੁਸਤਕ 'ਚੇਤਿਆਂ ਦੀ ਚਿਲਮਨ ਚੋਂ', ਅਜਮੇਰ ਰੋਡੇ ਨੇ ਅੰਮ੍ਰਿਤ ਮਾਨ ਦੀ ਲੋਕ ਧਾਰਾ ਤੇ ਲੋਕ ਗੀਤਾਂ ਬਾਰੇ ਨਵੀਂ ਪੁਸਤਕ 'ਕਸੁੰਭੜਾ ਅਜ ਖਿੜਿਆ' ਤੇ ਸਾਧੂ ਬਿਨਿੰਗ ਨੇ ਬਲਬੀਰ ਪ੍ਰਵਾਨਾ ਦੀ ਨਵੀਂ ੁਪੁਸਤਕ ਜਿਸ ਵਿਚ ਸੁਖਵੰਤ ਹੁੰਦਲ ਦਾ ਅਜੋਕੇ ਮੰਡੀ ਸਭਿਆਚਾਰ ਬਾਰੇ ਲੇਖ ਛਪਿਆ ਸੀ ਦੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ।
ਨਵੇਂ ਸਾਲ ਦੀ ਚੋਣ ਵਿਚ ਲੇਖਕ ਮੰਚ ਦੇ ਚਾਲ੍ਹੀਵੇਂ ਸਿਰਜਣਾ ਦਿਵਸ ਮਨਾਉਣ ਦੇ ਪ੍ਰੋਗਰਾਮਾਂ ਨੂੰ ਮੁਖ ਰਖਦਿਆਂ, ਮੰਚ ਮੈਂਬਰਾਂ ਨੇ ਬਹੁਸੰਮਤੀ ਨਾਲ ਪਹਿਲੀ ਕਾਰਜਕਾਰਨੀ ਨੂੰ ਹੀ ਇਕ ਸਾਲ ਹੋਰ ਕੰਮ ਕਰਨ ਦੇ ਅਧਿਕਾਰ ਦੇ ਦਿੱਤੇ।
ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਤੇ ਸਾਹਿਤਕ ਮੈਗਜ਼ੀਨ 'ਸੰਖ' ਦੇ ਮੁਖ ਸੰਪਾਦਕ, ਸਿੱਧੂ ਦਮਦਮੀ ਵਿਸ਼ੇਸ਼ ਮਹਿਮਾਨ ਬਣੇ ,ਉਹਨਾਂ ਨੂੰ ਕੇਂਦਰੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਪ੍ਰਧਾਨ ਮੋਹਨ ਗਿੱਲ ਮੰਚ ਦੀ ਮੀਟਿੰਗ ਵਿਚ ਲੈ ਕੇ ਆਏ। ਜਰਨੈਲ ਸਿੰਘ ਆਰਟਿਸਟ ਨੇ ਉਹਨਾਂ ਨੂੰ 'ਜੀ ਆਇਆਂ' ਕਹਿੰਦਿਆਂ ਸਿੱਧੂ ਦਮਦਮੀ ਦੀ ਰਸਮੀ ਜਾਣ ਪਹਿਚਾਣ ਕਰਵਾਈ। ਸਿੱਧੂ ਦਮਦਮੀ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਜਦੋਂ ਉਹਨਾਂ ਟ੍ਰਿਬਿਊਨ ਦੀ ਸੰਪਾਦਨਾ ਦਾ ਕੰਮ ਸੰਭਾਲਿਆ ਸੀ ਤਾਂ ਉਹਨਾਂ ਅਖ਼ਬਾਰ ਦੇ ਸਾਹਿਤਕ ਪੰਨੇ ਨੂੰ ਖਾਸ ਤਰਜੀਹ ਦਿੱਤੀ ਸੀ। ਉਸ ਸਮੇਂ ਪਾਠਕਾਂ ਦਾ ਇਹ ਵਿਚਾਰ ਸੀ ਕਿ ਟ੍ਰਿਬਿਊਨ ਅਖ਼ਬਾਰ ਦੀ ਥਾਂ ਸਾਹਿਤਕ ਪਰਚਾ ਬਣ ਗਿਆ ਹੈ। ਪ੍ਰਗਤੀਸ਼ੀਲ ਸਾਹਿਤਕ ਲਹਿਰ ਰਾਜਸੀ ਲਹਿਰ ਦੇ ਪ੍ਰਭਾਵ ਹੇਠ ਵਧੀ ਸੀ। ਰਾਜਸੀ ਲਹਿਰ ਵਿਚ ਖੜੋਤ ਆਉਣ ਨਾਲ ਇਹ ਪ੍ਰਗਤੀਸ਼ੀਲ ਲਹਿਰ ਵੀ ਅਪਰਸੰਗਕ ਹੋ ਗਈ। ਲੇਖਕ ਦੀ ਪਹੁੰਚ ਵੀ ਦਿਹਵਾਦੀ ਰਚਨਾਵਾਂ ਵੱਲ ਹੋ ਰਹੀ ਹੈ ਅਤੇ ਲੇਖਕ ਸਥਾਪਤੀ ਦੇ ਵਿਰੋਧ ਦੀ ਥਾਂ ਸਥਾਪਤੀ ਦੇ ਗੁਣ ਗਾਉਣ ਵੱਲ ਝੁਕ ਰਿਹਾ ਹੈ। ਅਜੋਕੇ ਸੰਦਰਭ ਵਿਚ ਉਹਨਾਂ ਪੰਜਾਬੀ ਬੰਦੇ ਦੇ ਮਾਨਸਿਕ ਵਰਤਾਰੇ ਦੀ ਗੱਲ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਪੰਜਾਬੀ ਬੰਦਾ ਵਿਰੋਧ ਵਿਚ ਖੜ੍ਹਦਾ ਸੀ ਉੱਥੇ ਅੱਜ ਤਮਾਸ਼ਾਈ ਬਣ ਪਾਸੇ ਖੜ੍ਹਾ ਹੋ ਜਾਂਦਾ ਹੈ। ਮੰਡੀ ਮਾਨਸਿਕਤਾ ਨੇ ਰਿਸ਼ਤਿਆਂ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਹੈ, ਇੱਥੋਂ ਤਕ ਕਿ ਜਿੱਥੇ ਪਹਿਲਾਂ ਕਿਸਾਨ ਦਾ ਜ਼ਮੀਨ ਨਾਲ ਉਪਜ ਦਾ ਰਿਸ਼ਤਾ ਹੁੰਦਾ ਸੀ, ਜਿਹੜਾ ਹੁਣ ਟੁੱਟ ਕੇ ਜ਼ਮੀਨ ਨਾਲ ਬਜ਼ਾਰੀ ਰਿਸ਼ਤਾ ਜੁੜ ਗਿਆ ਹੈ। ਅੱਜ ਕਿਸਾਨ ਜ਼ਮੀਨ ਵਿਚ ਹੋਈ ਫਸਲ ਦੀ ਥਾਂ ਜ਼ਮੀਨ ਦੇ ਭਾਅ ਦੀ ਗੱਲ ਕਰਦਾ ਹੈ। ਰਾਜਸੀ ਪਰਟੀਆਂ ਵੀ ਲੋਕ ਸੇਵਾ ਦੀ ਥਾਂ ਆਪਣੀ ਸਥਾਪਤੀ ਲਈ ਹਰ ਹਰਬਾ ਵਰਤਣ ਤੋਂ ਗੁਰੇਜ਼ ਨਹੀਂ ਕਰਦੀਆਂ। ਸਿੱਧੂ ਦਮਦਮੀ ਨੇ ਸਰੋਤਿਆਂ ਵੱਲੋਂ ਕੀਤੇ ਅਨੇਕ ਵਿਸ਼ਿਆਂ 'ਤੇ ਆਪਣੇ ਵਿਚਾਰ ਬੜੀ ਬੇਬਾਕੀ ਨਾਲ ਪ੍ਰਗਟ ਕੀਤੇ। ਅਖੀਰ ਵਿਚ ਸਿੱਧੂ ਦਮਦਮੀ ਨੂੰ ਮੰਚ ਵੱਲੋਂ ਛਪੀ ਪੁਸਤਕ 'ਮੰਚ ਵਾਰਤਾ', ਪੈਨ ਤੇ ਪਿੰਨ ਦੇ ਕੇ ਸਨਮਾਤ ਕੀਤਾ।
Post a Comment