ਲੁਧਿਆਣਾ, 1 ਮਾਰਚ ( ਸਤਪਾਲ ਸੋਨੀ ) ਸ੍ਰੀ ਮਦਨ ਮੋਹਨ ਮਿੱਤਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਅੱਜ ਕ੍ਰਿਸ਼ਚਨ ਮੈਡੀਕਲ ਕਾਲਜ਼ ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਵੱਲੋਂ ਹੋਟਲ ਪਾਰਕ ਪਲਾਜ਼ਾ ਵਿਖੇ ਆਯੋਜਿਤ ਕੀਤੀ ਜਾ ਰਹੀ ਤਿੰਨ ਰੋਜਾ 8ਵੀਂ ਨੈਸ਼ਨਲ ਸਟਰੋਕ ਕਾਨਫਰੰਸ ਆਫ ਇੰਡੀਅਨ ਸਟਰੋਕ ਐਸੋਸੀਏਸ਼ਨ ਦਾ ਉਦਘਾਟਨ ਕੀਤਾ। ਸ੍ਰੀ ਮਿੱਤਲ ਨੇ ਕਿਹਾ ਕਿ ਇਹ ਕਾਨਫਰੰਸ ਅਧਰੰਗ ਦੀ ਬਿਮਾਰੀ ਨੂੰ ਖਤਮ ਕਰਨ ਲਈ ਨਵੀਆਂ ਤਕਨੀਕਾਂ ‘ਚ ਸੁਧਾਰ ਲਿਆਉਣ ਲਈ ਸਹਾਈ ਸਿੱਧ ਹੋਵੇਗੀ। ਉਹਨਾਂ ਕਿਹਾ ਕਿ ਵਿਸ਼ਵ ਪੱਧਰ ਤੇ ਅਧਰੰਗ ਮੌਤ ਦਾ ਵੱਡਾ ਕਾਰਨ ਅਤੇ ਅਪੰਗਤਾ ਦਾ ਚੌਥਾ ਕਾਰਨ ਬਣਦਾ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਹਰ ਸਾਲ 1.44 ਤੋਂ 1.64 ਮਿਲੀਅਨ ਅਧਰੰਗ ਦੇ ਕੇਸ ਸਾਹਮਣੇ ਆਉਦੇ ਹਨ ਅਤੇ ਇਹਨਾਂ ਵਿੱਚੋਂ 12 ਪ੍ਰਤੀਸ਼ਤ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ। ਉਹਨਾਂ ਦੱਸਿਆ ਕਿ ਭਾਰਤ ਵਿੱਚ 40 ਤੋਂ 50 ਫੀਸਦੀ ਅਧਰੰਗ ਦੇ ਮਰੀਜ਼ ਸਥਾਈ ਤੌਰ ਤੇ ਅਪੰਗਤਾ ਦਾ ਸ਼ਿਕਾਰ ਹੁੰਦੇ ਹਨ। ਉਹਨਾਂ ਦੱਸਿਆ ਕਿ ਸੀ.ਐਮ.ਸੀ. ਵੱਲੋਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਕੇਵਲ ਲੁਧਿਆਣਾ ਸ਼ਹਿਰ ਵਿੱਚ 1 ਲੱਖ ਅਬਾਦੀ ਪਿੱਛੇ 162 ਵਿਅਕਤੀ ਹਰ ਸਾਲ ਅਧਰੰਗ ਦਾ ਸ਼ਿਕਾਰ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਬਿਮਾਰੀ ਨੂੰ ਖਤਮ ਕਰਨ ਲਈ ਨਵੀਆਂ ਤਕਨੀਕਾਂ ਵਿੱਚ ਸੁਧਾਰ ਲਿਆਉਣ ਦੀ ਅਤੀਅੰਤ ਲੋੜ ਹੈ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੰਤਰੀ ਨੇ ਕਿਹਾ ਕਿ ਮਿਲਾਵਟ-ਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਔਰਤਾਂ ਦਾ ਜਣੇਪਾ ਮੁਫਤ ਕੀਤਾ ਜਾਂਦਾ ਹੈ ਅਤੇ ਡਲਿਵਰੀ ਤੋਂ ਬਾਅਦ 1000/- ਰੁਪਏ ਦੀ ਮਾਲੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੈਂਸਰ ਦੇ ਇਲਾਜ਼ ਲਈ ਹਰ ਸੰਭਵ ਉਪਰਾਲੇ ਕਰ ਰਹੀ ਅਤੇ ਕੈਂਸਰ ਦੇ ਮਰੀਜ਼ਾਂ ਨੂੰ 1.50 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਕਾਨਫਰੰਸ ਨੂੰ ਡਾਕਟਰ ਅਬਰਾਹਮ ਜੀ. ਥਾਮਸ ਡਾਇਰੈਕਟਰ ਸੀ.ਐਮ.ਸੀ. ਲੁਧਿਆਣਾ, ਇੰਡੀਅਨ ਸਟਰੋਕ ਐਸੋਸੀਏਸ਼ਨ ਦੇ ਸਕੱਤਰ ਡਾਕਟਰ ਜੈਰਾਜ ਡੀ. ਪਾਂਧੀਅਨ, ਪ੍ਰੈਜੀਡੈਂਟ ਡਾਕਟਰ ਐਮ.ਆਰ. ਸ਼ਿਵਾਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤੇ ਡਾਕਟਰ ਰੀਚਰਡ ਲਿਂਡਲੇ, ਡਾਕਟਰ ਕਰੈਗ ਐਡਰਸਨ, ਡਾਕਟਰ ਮਨੋਜ ਕੇ. ਸੋਬਤੀ, ਡਾਕਟਰ ਯਸਪਾਲ ਸਿੰਘ ਅਤੇ ਡਾ. ਸੁਭਾਸ਼ ਬੱਤਾ ਸਿਵਲ ਸਰਜ਼ਨ ਵੀ ਹਾਜ਼ਰ ਸਨ।
ਸ੍ਰੀ ਮਦਨ ਮੋਹਨ ਮਿੱਤਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ, ਹੋਟਲ ਪਾਰਕ ਪਲਾਜ਼ਾ ਵਿਖੇ ਤਿੰਨ ਰੋਜਾ 8ਵੀਂ ਨੈਸ਼ਨਲ ਸਟਰੋਕ ਕਾਨਫਰੰਸ ਦੀ ਪ੍ਰਧਾਨਗੀ ਕਰਦੇ ਹੋਏ।

Post a Comment