ਫਿਰੋਜ਼ਪੁਰ 25 ਮਾਰਚ ( ਸਫਲਸੋਚ ) ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨਾਲ ਕਣਕ ਦੀ ਖਰੀਦ ਸਬੰਧੀ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ । ਸ. ਨਾਰੰਗ ਨੇ ਦੱਸਿਆ ਕਿ ਕਣਕ ਦੀ ਖਰੀਦ ਲਈ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਣਾਏ ਗਏ 129 ਖਰੀਦ ਕੇਂਦਰਾਂ ਵਿੱਚ ਲਗਭਗ 8.60 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਣ ਦੀ ਸੰਭਾਵਨਾਂ ਹੈ । ਜਿਸ ਵਿੱਚੋਂ ਪਨਗਰੇਨ ਵੱਲੋਂ 1.72 ਲੱਖ ਮੀਟਰਕ ਟਨ, ਮਾਰਕਫੈਡ ਵੱਲੋਂ 1.72 ਲੱਖ ਮੀਟਰਕ ਟਨ, ਪਨਸਪ ਵੱਲੋਂ 1.72 ਲੱਖ ਮੀਟਰਕ ਟਨ, ਵੇਅਰ ਹਾਊਸ ਵੱਲੋਂ 95 ਹਜ਼ਾਰ ਮੀਟਰਕ ਟਨ, ਪੰਜਾਬ ਐਗਰੋ ਵੱਲੋਂ 77 ਹਜ਼ਾਰ ਮੀਟਰਕ ਟਨ ਅਤੇ ਐਫ.ਸੀ.ਆਈ. ਵੱਲੋਂ 1.72 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਕਣਕ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨ ਦਿੱਤਾ ਜਾਵੇ ਅਤੇ ਹਰੇਕ ਮੰਡੀ ਵਿੱਚ ਪੀਣ ਵਾਲਾ ਸਾਫ ਸੁਥਰਾ ਪਾਣੀ, ਬੈਠਣ ਲਈ ਛਾਂਦਾਰ ਜਗ੍ਹਾ ਅਤੇ ਲਾਈਟ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦਾ ਸੀਜ਼ਨ ਸਾਡੇ ਲਈ ਬਹੁਤ ਅਹਿਮ ਹੈ ਇਸ ਲਈ ਸਾਨੂੰ ਸਭ ਨੂੰ ਆਪਣੀ ਡਿਊਟੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।ਇਸ ਮੀਟਿੰਗ ਵਿੱਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ. ਗੁਰਦੀਪ ਸਿੰਘ, ਜ਼ਿਲ੍ਹਾ ਮੰਡੀ ਅਫਸਰ ਸ. ਮਨਜੀਤ ਸਿੰਘ, ਜ਼ਿਲ੍ਹਾ ਮੈਨੇਜਰ ਵੇਅਰ ਹਾਊਸ ਸ. ਜੇ.ਐਸ. ਕਟਾਰੀਆ, ਜ਼ਿਲ੍ਹਾ ਮੈਨੇਜਰ ਪਨਸਪ ਸ. ਜਗਨਦੀਪ ਸਿੰਘ ਢਿੱਲੋਂ, ਜ਼ਿਲ੍ਹਾ ਮੈਨੇਜਰ ਪੰਜਾਬ ਐਗਰੋ ਸ. ਸੁਖਮਿੰਦਰ ਸਿੰਘ, ਡੀ.ਐਮ. ਮਾਰਕਫੈਡ ਸ਼੍ਰੀ ਅਨਿਲ ਗਰਗ ਅਤੇ ਐਫ.ਸੀ.ਆਈ. ਦੇ ਸ਼੍ਰੀ ਦੀਪਕ ਗਰਗ ਵੀ ਹਾਜ਼ਰ ਸਨ।
Post a Comment