ਸ੍ਰੀ ਮੁਕਤਸਰ ਸਾਹਿਬ, 25 ਮਾਰਚ ( ਸਫਲਸੋਚ )ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ 10ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਅੱਜ ਇੱਥੇ ਲੀਕ ਹੋਏ ਅੰਗਰੇਜੀ ਦੇ ਪ੍ਰਸ਼ਨ ਪੱਤਰ ਦੇ ਸਬੰਧ ਵਿਚ ਅਗਿਆਤ ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਰਚਾ ਲੀਕ ਹੋਣ ਪਿੱਛੇ ਜੋ ਵੀ ਅਨਸ਼ਰ ਹਨ ਉਨ੍ਹਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਗੁਨਾਹਗਾਰ ਬਖ਼ਸੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਪੜਤਾਲ ਪਹਿਲ ਦੇ ਅਧਾਰ ਤੇ ਕਰਕੇ ਦੋਸ਼ੀਆਂ ਦੀ ਪਹਿਚਾਣ ਕਰਕੇ ਅਪਰਾਧੀਆਂ ਨੂੰ ਕਾਬੂ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਪ੍ਰਸ਼ਨ ਪੱਤਰ ਲੀਕ ਹੋਣ ਸਬੰਧੀ ਸੂਚਨਾ ਮਿਲਣ ਤੇ ਸਿੱਖਿਆ ਵਿਭਾਗ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਪੁਰਾਣਾ ਪਰਚਾ ਰੱਦ ਕਰ ਦਿੱਤਾ ਅਤੇ ਨਾਲੋਂ ਨਾਲ ਚੰਡੀਗੜ੍ਹ ਤੋਂ ਨਵਾਂ ਪ੍ਰੰਸਨ ਪੱਤਰ ਮੰਗਵਾ ਕੇ ਸਾਰੇ ਪ੍ਰੀਖਿਆ ਕੇਂਦਰਾਂ ਤੇ ਪ੍ਰੀਖਿਆ ਮੁਕੰਮਲ ਕਰਵਾ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਅਪਰਾਧ ਦੇ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆਂ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਗਿਆਤ ਲੋਕਾਂ ਖਿਲਾਫ ਪੁਲਿਸ ਕੋਲ ਐਫ.ਆਈ.ਆਰ. ਲਿਖਵਾਈ ਜਾ ਰਹੀ ਹੈ।
Post a Comment