ਚੰਡੀਗੜ੍ਹ, 25 ਮਾਰਚ/ਪੰਜਾਬ ਪ੍ਰਦੇਸ਼ ਕਾਂਗਰਸ ਮੁੱਖੀ ਸ. ਪ੍ਰਤਾਪ ਸਿੰਘ ਬਾਜਵਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕਾਂਗਰਸ ਰਾਜ ਦੇ ਲੋਕਾਂ ਤੇ ਗ਼ੈਰਵਾਜਬ ਅਤੇ ਨਿਰਦਈ ਢੰਗ ਨਾਲ ਲਗਾਏ ਜਾ ਰਹੇ ਸੰਪਤੀ ਟੈਕਸ ਦੀ ਡਟ ਕੇ ਵਿਰੋਧਤਾ ਕਰੇਗੀ । ਅਕਾਲੀ-ਭਾਜਪਾ ਸਰਕਾਰ ਨੂੰ ਆਮ ਲੋਕਾਂ ਤੇ ਅਜਿਹਾ ਭਾਰ ਪਾਕੇ ਆਪਣੇ ਖਾਲੀ ਖ਼ਜ਼ਾਨੇ ਭਰਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਅਜਿਹਾ ਟੈਕਸ ਬੇਲੋੜਾ ਅਤੇ ਗ਼ੈਰਵਾਜਬ ਹੈ ਕਿਉਂਕਿ ਲੋਕ ਪਹਿਲਾ ਹੀ ਸਰਕਾਰ ਨੂੰ ਹਾਊਸ ਟੈਕਸ ਦੇ ਰਹੇ ਹਨ ਅਤੇ ਤਮਾਮ ਜਾਇਦਾਦਾਂ ਇੱਥੋਂ ਕਿ ਖਾਲੀ ਪਲਾਟਾਂ ਤੇ ਵੀ ਲਗਾਏ ਜਾ ਰਹੇ ਇਹ ਟੈਕਸ ਆਮ ਆਦਮੀ ਦੀ ਕਮਰ ਤੋੜ ਦੇਣਗੇ ।
ਕਾਂਗਰਸ ਇਸ ਟੈਕਸ ਦੀ ਤੁਲਨਾ ਮੁਗਲ ਰਾਜ ਦੌਰਾਨ ਜਬਰੀ ਜਜ਼ੀਆ ਉਗਰਾਹੁਣ ਨਾਲ ਕਰਦੀ ਹੈ । ਜਿਵੇਂ ਕਿ ਸਭ ਜਾਣ ਦੇ ਹਨ ਲੋਕ ਪਹਿਲਾ ਹੀ ਮਾਲੀ ਹਾਲਤ ਵਿਚੋਂ ਗੁੱਜਰ ਰਹੇ ਹਨ ਅਤੇ ਰਾਜ ਵਿਚ ਲੱਖਾ ਨੌਜਵਾਨ ਬੇਰੁਜ਼ਗਾਰ ਹਨ । ਸਰਕਾਰ ਆਪ ਮੰਨ ਦੀ ਹੈ 45 ਲੱਖ ਪਰਿਵਾਰ ਵਿਚੋਂ 14 ਲੱਖ ਪਰਿਵਾਰ ਗਰੀਬੀ ਰੇਖਾਂ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਹਨ ਅਤੇ ਉਨ੍ਹਾਂ ਨੂੰ ਆਟਾ-ਦਾਲ ਮੁਫ਼ਤ ਦਿੱਤਾ ਜਾਂਦਾ ਹੈ । ਕਿਸਾਨ ਅਤੇ ਖੇਤ ਮਜ਼ਦੂਰ ਖੇਤੀ ਦੇ ਅਰਥਚਾਰੇ ਵਿਚ ਆਏ ਨਿਘਾਰ ਕਾਰਣ ਖੁਦਕੁਸ਼ੀਆਂ ਕਰ ਰਹੇ ਹਨ । ਇਸੇ ਤਰ੍ਹਾਂ ਹੀ ਸਨਅਤ ਦਾ ਵੱਡਾ ਹਿੱਸਾ ਬੁਨਿਆਦੀ ਢਾਂਚੇ ਦੀ ਘਾਟ ਕਰ ਕੇ ਦੂਜੇ ਪ੍ਰਦੇਸ਼ਾਂ ਵੱਲ ਹਿਜਰਤ ਕਰ ਰਿਹਾ ਹੈ ਅਤੇ ਵਪਾਰ ਵੀ ਪ੍ਰਦੇਸ਼ ਵਿਚ ਸਾਜ਼ਗਾਰ ਹਾਲਤਾਂ ਦੀ ਕਮੀ ਕਰ ਕੇ ਪੰਜਾਬ ਤੋਂ ਬਾਹਰ ਜਾ ਰਹੇ ਹਨ । ਜਿਸ ਨਾਲ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋ ਰਿਹਾ ਹੈ । ਕਾਂਗਰਸ ਪਾਰਟੀ ਅਕਾਲੀ-ਭਾਜਪਾ ਸਰਕਾਰ ਵੱਲੋਂ 45 ਕਰੋੜ ਦਾ ਹੈਲੀਕਾਪਟਰ ਖ਼ਰੀਦਣ, ਸੈਂਕੜੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਮੰਤਰੀਆਂ ਆਦਿ ਤੇ ਬੇਤਹਾਸ਼ਾ ਖ਼ਰਚ ਕਰਨ ਤੇ ਅਲੋਚਨਾ ਕਰਦੀ ਹੈ । ਲੋਕਾਂ ਦੀ ਨਾਜ਼ੁਕ ਮਾਲੀ ਹਾਲਤ ਦੇ ਮੱਦੇ ਨਜ਼ਰ ਆਪਣੀ ਮੂਰਖਤਾ ਭਰੀ ਆਰਥਕ ਬਦ-ਇੰਤਜ਼ਾਮੀ ਦੀ ਪੂਰਤੀ ਲਈ ਸਮਾਜ ਦੇ ਇਕ ਵਰਗ ਤੇ ਅਜਿਹੇ ਟੈਕਸ ਦਾ ਭਾਰ ਪਾਉਣਾ ਸਰਕਾਰ ਲਈ ਬਿਲਕੁਲ ਗ਼ੈਰਵਾਜਬ ਹੈ । ਸ. ਪ੍ਰਤਾਪ ਬਾਜਵਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਅਜਿਹਾ ਨਿਰਦਈ ਟੈਕਸ ਲਗਾਉਂਦੀ ਹੈ ਤਾਂ ਉਹ ਨਾਂ ਸਿਰਫ਼ ਇਸ ਦੀ ਪੁਰਜ਼ੋਰ ਵਿਰੋਧਤਾ ਕਰਨਗੇ ਬਲਕਿ ਪਾਰਟੀ ਇਸ ਦੇ ਵਿਰੋਧ ਵਿਚ ਇਕ ਲੰਮਾ ਅੰਦੋਲਨ ਛੇੜਨ ਤੋਂ ਨਹੀਂ ਝਿਜਕੇਗੀ ਅਤੇ ਉਹ ਅਜਿਹੇ ਨਿਰਦਈ ਕਦਮ ਦੀ ਵਿਰੋਧਤਾ ਲਈ ਸਭ ਤੋਂ ਪਹਿਲਾ ਗ੍ਰਿਫ਼ਤਾਰੀ ਦੇਣਗੇ ।
Post a Comment