ਮਾਨਸਾ ਜ਼ਿਲ•ੇ ਦੇ ਪਿੰਡ ਬਣਾਂਵਾਲੀ ਵਿਖੇ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗ ਰਹੇ ਸਭ ਤੋਂ ਵੱਡੇ ਥਰਮਲ ਪਲਾਂਟ ਦੀ ਉਸਾਰੀ ਲਈ ਕੰਮ ਕਰ ਰਹੇ ਐਲ.ਐਨ.ਟੀ ਕੰਪਨੀ ਵਲੋਂ ਆਪਣੇ ਮਜ਼ਦੂਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਦੇਣ ਕਾਰਨ ਉਨ•ਾਂ ਦਾ ਹੋਲੀ ਵਾਲਾ ਤਿਉਹਾਰ ਫਿੱਕਾ ਰਹਿਣ ਦਾ ਖਦਸ਼ਾ ਖੜ•ਾ ਹੋ ਗਿਆ ਹੈ। ਹੋਲੀ ਦਾ ਇਹ ਤਿਉਹਾਰ 27 ਮਾਰਚ ਨੂੰ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਵੇਦਾਂਤਾ ਕੰਪਨੀ ਵਲੋਂ ਬਣਾਂਵਾਲਾ ਵਿਖੇ 1980 ਮੈਗਾਵਾਟ ਦੇ ਲਾਏ ਜਾ ਰਹੇ ਇਸ ਥਰਮਲ ਪਲਾਂਟ ਦੀ ਉਸਾਰੀ ਦਾ ਕਾਰਜ ਚੀਨ ਦੀ ਇੱਕ ਕੰਪਨੀ ਸਿਪਕੋ ਨੂੰ ਸੌਂਪਿਆ ਹੋਇਆ ਹੈ, ਜਦੋਂ ਕਿ ਉਸ ਚੀਨੀ ਕੰਪਨੀ ਵਲੋਂ ਥਰਮਲ ਪਲਾਂਟ ਨੂੰ ਉਸਾਰਨ ਦਾ ਠੇਕਾ ਅੱਗੇ ਐਲ.ਐਨ.ਟੀ ਕੰਪਨੀ ਨੂੰ ਦਿੱਤਾ ਹੋਇਆ ਹੈ। ਇਹ ਸਾਰੇ ਮਜ਼ਦੂਰ ਐਲ.ਐਨ.ਟੀ ਕੰਪਨੀ ਕੋਲ ਮਜ਼ਦੂਰੀ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਲਗਭਗ ਇੱਕ ਹਜ਼ਾਰ ਮਜ਼ਦੂਰ, ਬਿਹਾਰ, ਹਰਿਆਣਾ, ਰਾਜਸਥਾਨ,ਉਤਰ ਪ੍ਰਦੇਸ਼ ਸੂਬੇ ਨਾਲ ਸਬੰਧਤ ਹਨ, ਜਿੱਥੇ ਹੋਲੀ ਦੇ ਤਿਉਹਾਰ ਨੂੰ ਕਈ-ਕਈ ਦਿਨ ਬੜੇ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਥੇ ਕੰਮ ਕਰਦੇ ਇਹ ਮਜ਼ਦੂਰ ਆਪਣੀਆਂ ਤਨਖਾਹਾਂ ਲੈਕੇ ਆਪੋ-ਆਪਣੇ ਪ੍ਰਦੇਸ਼ਾਂ ਵਿਚ ਮਾਪਿਆਂ ਤੇ ਬੱਚਿਆਂ ਕੋਲ ਜਾਕੇ ਇਹ ਤਿਉਹਾਰ ਨੂੰ ਮਨਾਉਣਾ ਚਾਹੁੰਦੇ ਹਨ।ਪ੍ਰਵਾਸੀ ਮਜ਼ਦੂਰ ਯੂਨੀਅਨ ਦੇ ਆਗੂ ਲਾਲ ਚੰਦ ਯਾਦਵ,ਮੁਹੰਮਦ ਅਲੀ, ਸੇਖ਼ਰ,ਰਾਮਪਾਲ ਨੇ ਦੱਸਿਆ ਕਿ ਥਰਮਲ ਪਲਾਂਟ ਦੀ ਉਸਾਰੀ ਲਈ ਕੰਮ ਕਰਦੇ ਕਾਮਿਆਂ ਨੇ ਇਸ ਮਾਮਲੇ ਨੂੰ ਲੈਕੇ ਐਲ.ਐਨ.ਟੀ ਕੰਪਨੀ ਦੇ ਪ੍ਰਬੰਧਕਾਂ ਕੋਲ ਬਕਾਇਦਾ ਰੂਪ ‘ਚ ਅਪੀਲ-ਦਲੀਲ ਵੀ ਕੀਤੀ ਹੈ, ਪਰ ਉਨ•ਾਂ ਦੀ ਇਸ ਬੇਨਤੀ ‘ਤੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਜੇਕਰ ਉਨ•ਾਂ ਦੀਆਂ ਇਹ ਤਨਖਾਹਾਂ ਤੁਰੰਤ ਨਾ ਜਾਰੀ ਕੀਤੀਆਂ ਗਈਆਂ ਤਾਂ ਉਹ ਸਾਲ ਭਰ ਤੋਂ ਪਿੱਛੋਂ ਆ ਰਹੇ ਹੋਲੀ ਦੇ ਇਸ ਪਵਿੱਤਰ ਤਿਉਹਾਰ ਨੂੰ ਮਨਾਉਣ ਤੋਂ ਵਾਂਝੇ ਰਹਿ ਜਾਣਗੇ।

Post a Comment