ਸ੍ਰੀ ਮੁਕਤਸਰ ਸਾਹਿਬ, 14 ਦਸੰਬਰ ( )‑ਪ੍ਰਾਇਮਰੀ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਅਤੇ ਇਸਨੂੰ ਰੌਚਿਕ ਬਨਾਉਣ ਵਾਸਤੇ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਪ੍ਰਵੇਸ਼ ਪ੍ਰਾਜੈਕਟ ਤਹਿਤ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਦੀ ਮੱਧਵਰਤੀ ਜਾਂਚ 17 ਤੋਂ 19 ਦਸੰਬਰ ਤੱਕ ਕਰਵਾਈ ਜਾ ਰਹੀ ਹੈ। ਪ੍ਰਵੇਸ਼ ਪ੍ਰਾਜੈਕਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਕੋਆਰਡੀਨੇਟਰ ਸ. ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਗੁਰਿੰਦਰਪਾਲ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਕਰਵਾਈ ਜਾਣ ਵਾਲੀ ਇਸ ਜਾਂਚ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਉਨ੍ਹਾਂ ਦੱਸਿਆ ਕਿ ਐਤਕੀਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਬੰਧਤ ਸਕੂਲਾਂ ਦੇ ਅਧਿਆਪਕ ਆਪਣੇ ਹੀ ਸਕੂਲ ਦੇ ਵਿਦਿਆਰਥੀਆਂ ਦੀ ਜਾਂਚ ਕਰਕੇ ਆਪ ਹੀ ਨਤੀਜਾ ਤਿਆਰ ਕਰਨਗੇ । ਸ. ਬਰਾੜ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ 35 ਹਜ਼ਾਰ ਵਿਦਿਆਰਥੀਆਂ ਦੀ ਜਾਂਚ ਵਾਸਤੇ ਜ਼ਿਲੇ ਦੇ 350 ਅਧਿਆਪਕਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ । ਇਸ ਜਾਂਚ ਵਿੱਚ ਬੱਚਿਆਂ ਦੀ ਅੰਗਰੇਜੀ, ਪੰਜਾਬੀ, ਹਿਸਾਬ ਅਤੇ ਹਿੰਦੀ ਵਿਸ਼ਿਆਂ ਵਿੱਚ ਹੁਣ ਤੱਕ ਹੋਈ ਪ੍ਰਗਤੀ ਦਾ ਮੁਕੰਮਲ ਨਿਰੀਖਣ ਤਿੰਨ ਤਰ੍ਹਾਂ ਦੇ ਜਾਂਚ ਪੱਤਰਾਂ ਰਾਹੀਂ ਕੀਤਾ ਜਾਵੇਗਾ । ਜ਼ਿਲ੍ਹਾ ਕੋਆਰਡੀਨੇਟਰ ਸ. ਗੁਰਮੀਤ ਸਿੰਘ ਬਰਾੜ ਨੇ ਇਹ ਵੀ ਦੱਸਿਆ ਕਿ ਮੱਧਵਰਤੀ ਜਾਂਚ ਵਾਸਤੇ ਨਿਯੁਕਤ ਕੀਤੇ ਗਏ ਅਧਿਆਪਕਾਂ ਨੂੰ ਉਹਨਾਂ ਦੇ ਹੀ ਬਲਾਕਾਂ ਵਿੱਚ ਇੱਕ ਦਿਨਾਂ ਵਿਸ਼ੇਸ਼ ਟ੍ਰੇਨਿੰਗ 15 ਦਸੰਬਰ ਨੂੰ ਕਰਵਾਈ ਜਾਵੇਗੀ ਅਤੇ ਇਸੇ ਦੌਰਾਨ ਹੀ ਉਹਨਾਂ ਨੂੰ ਜਾਂਚ ਪੱਤਰ ਦਿੱਤੇ ਜਾਣਗੇ । ਸ. ਬਰਾੜ ਅਨੁਸਾਰ ਪ੍ਰਵੇਸ਼ ਪ੍ਰਾਜੈਕਟ ਨੂੰ ਸਕੂਲਾਂ ਵਿੱਚ ਲਾਗੂ ਕਰਨ ਵਾਸਤੇ ਉਨ੍ਹਾਂ ਨੂੰ ਜ਼ਿਲ੍ਹੇ ਦੇ ਅਧਿਆਪਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਪ੍ਰਾਜੈਕਟ ਨੂੰ ਵਿਦਿਆਰਥੀਆਂ ਦੇ ਪੱਧਰ ਤੱਕ ਲਾਗੂ ਕਰਨ ਵਾਸਤੇ ਪ੍ਰਾਇਮਰੀ ਸਕੂਲ ਦੇ ਹਰੇਕ ਅਧਿਆਪਕ ਨੂੰ ਪਹਿਲਾਂ ਹੀ ਪੰਜ ਪੰਜ ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ । ਜ਼ਿਲ੍ਹਾ ਕੋਆਰਡੀਨੇਟਰ ਸ. ਗੁਰਮੀਤ ਸਿੰਘ ਬਰਾੜ ਅਨੁਸਾਰ ਇਸ ਪ੍ਰਾਜੈਕਟ ਵਿੱਚ ਸਮੁੱਚੀ ਪ੍ਰਾਇਮਰੀ ਸਿੱਖਿਆ ਨੂੰ ਸਿਰਜਨਾ, ਖੇਡਾਂ ਅਤੇ ਕੋਮਲ ਕਲਾਵਾਂ ਰਾਹੀਂ ਇਸ ਢੰਗ ਨਾਲ ਬੱਚਿਆਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਬਾਲ ਉਮਰੇ ਸਿੱਖਣ ਪ੍ਰਕ੍ਰਿਆ ਨੂੰ ਬੋਝਲ ਨਹੀਂ ਲੱਗੇਗੀ ਅਤੇ ਮਾਤ ਭਾਸ਼ਾ ਪੰਜਾਬੀ ਦੇ ਸ਼ੁੱਧ ਉੱਚਾਰਨ ਅਤੇ ਲਿਖਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

Post a Comment