ਮਾਨਸਾ, 19 ਦਸੰਬਰ ( ) : ਸੀ-ਪਾਈਟ ਦੇ ਟ੍ਰੇਨਿੰਗ ਅਧਿਕਾਰੀ ਸ਼੍ਰੀ ਦਵਿੰਦਰ ਪਾਲ ਪੁਰੀ ਨੇ ਕਿਹਾ ਕਿ ਪੈਰਾ ਮਿਲਟਰੀ ਫੋਰਸਾਂ ਸੀ.ਆਰ.ਪੀ.ਐਫ਼, ਬੀ.ਐਸ.ਐਫ਼, ਸੀ.ਆਈ.ਐਸ.ਐਫ਼, ਆਈ.ਟੀ.ਬੀ.ਪੀ., ਐਸ.ਐਸ.ਬੀ., ਆਸਾਮ ਰਾਈਫਲਜ਼ ਵਿੱਚ 30 ਹਜ਼ਾਰ ਦੇ ਕਰੀਬ ਪੋਸਟਾਂ ਅਤੇ ਪੰਜਾਬ ਹੋਮਗਾਰਡਜ਼ ਵਿੱਚ 700 ਦੇ ਕਰੀਬ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਦੀ ਆਨ-ਲਾਈਨ ਮੰਗ ਕੀਤੀ ਗਈ ਹੈ, ਜਿਸ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਜਲ ਸੈਨਾ (ਨੇਵੀ) ਲਈ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਨੌਜਵਾਨਾਂ ਲਈ ਵੀ ਇਨ੍ਹਾਂ ਸਾਰੀਆਂ ਅਸਾਮੀਆਂ ਲਈ ਸੀ-ਪਾਈਟ ਕੈਂਪ ਨਾਭਾ ਅਤੇ ਸੀ-ਪਾਈਟ ਕੈਂਪ ਬੋੜਾਵਾਲ (ਮਾਨਸਾ) ਵਿਖੇ ਪੰਜਾਬ ਸਰਕਾਰ ਵੱਲੋਂ ਟ੍ਰੇਨਿੰਗ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਟ੍ਰੇਨਿੰਗ ਦੌਰਾਨ ਰਿਹਾਇਸ਼ ਤੇ ਖਾਣਾ ਮੁਫ਼ਤ ਦਿੱਤਾ ਜਾਵੇਗਾ ਅਤੇ ਨਾਲ ਹੀ 400 ਰੁਪਏ ਮਹੀਨਾ ਵਜੀਫ਼ੇ ਦਾ ਬੰਦੋਬਸਤ ਵੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ 1 ਜਨਵਰੀ 2013 ਤੋਂ ਸ਼ੁਰੂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਦਾ ਕੈਂਪ ਭਵਾਨੀਗੜ੍ਹ ਰੋਡ ਜੀ.ਟੀ.ਸੀ. ਨਾਭਾ ਵਿਖੇ ਸਥਿਤ ਹੈ ਅਤੇ ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਦਾ ਕੈਂਪ ਬੁਢਲਾਡਾ ਰੋਡ ਪਿੰਡ ਬੋੜਾਵਾਲ ਵਿਖੇ ਸਥਿਤ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦਾ ਕੈਂਪ ਨੈਸ਼ਨਲ ਕਾਲਜ ਭੀਖੀ (ਮਾਨਸਾ) ਵਿਖੇ ਹੈ। ਉਨ੍ਹਾਂ ਰੁਜ਼ਗਾਰ ਦਫ਼ਤਰ ਦੇ ਅਧਿਕਾਰੀਆਂ ਨੂੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਲੜਕੇ ਤੇ ਲੜਕੀਆਂ ਰੁਜ਼ਗਾਰ ਦਫ਼ਤਰਾਂ ਨਾਲ ਰਜਿਸਟਰ ਹਨ, ਉਨ੍ਹਾਂ ਨੂੰ ਇਨ੍ਹਾਂ ਕੈਂਪਾ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾ ਕੇ ਫੋਰਸਾਂ ਵਿੱਚ ਭਰਤੀ ਹੋ ਸਕਣ। ਉਨ੍ਹਾਂ ਕਿਹਾ ਕਿ ਪੈਰਾ ਮਿਲਟਰੀ ਫੋਰਸਾਂ ਲਈ www.ssc.nic.in, www.ssc.online.nic.in, www.ssc.onlinez.nic.in, www.cpfonline.gov.in,'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੋਮ ਗਾਰਡਜ਼ ਲਈ www.recruitment @ cdacmohali.in 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 01652-283188, 94639-42695 ਅਤੇ 01765-291148 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Post a Comment