ਪਵਿੱਤਰ ਵੇਈਂ ਕੰਢੇ ਬਣੇ ਗੁਰੂ ਨਾਨਕ ਸਿੱਖ ਮਿਊਜ਼ੀਅਮ ‘ਚ ਸੰਗਤਾਂ ਦੀ ਭਾਰੀ ਆਮਦ
ਸੁਲਤਾਨਪੁਰ ਲੋਧੀ 19 ਦਸੰਬਰ/ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਪਵਿੱਤਰ ਵੇਈਂ ਦੇ ਕੰਢੇ ’ਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਬੀਤੀ 26 ਨਵੰਬਰ ਨੂੰ ਗੁਰੂ ਨਾਨਕ ਦੇਵ ਮਲਟੀਮੀਡੀਆ ਸਿੱਖ ਮਿਉਜ਼ੀਅਮ ਸਥਾਪਿਤ ਕੀਤਾ ਗਿਆ, ਜਿਸ ਦੇ ਕਰੀਬ ਤਿੰਨ ਹਫਤਿਆਂ ਦੇ ਥੋੜੇ ਸਮੇਂ ਦੌਰਾਨ ਹੀ ਦੋ ਦਰਜਨ ਤੋਂ ਵੱਧ ਸਕੂਲਾਂ ਤੇ ਕਾਲਜ਼ਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਸੰਤ ਮਹਾਂਪੁਰਸ਼, ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਹਜਾਰਾਂ ਦੀ ਗਿਣਤੀ ‘ਚ ਦੇਸ਼ ਵਿਦੇਸ਼ ਦੀਆਂ ਗੁਰਸੰਗਤਾਂ ਦਰਸ਼ਨ ਕਰਨ ਲਈ ਪਹੁੰਚ ਚੁੱਕੀਆਂ ਹਨ।ਨਿਰਮਲ ਕੁਟੀਆ ਦੇ ਬੁਲਾਰੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਿਉਜ਼ੀਅਮ ਵਿੱਚ ਬੱਚਿਆਂ ਨੂੰ ਸਿੱਖ ਧਰਮ ਦੇ ਇਤਿਹਾਸ ਅਤੇ ਉਸ ਦੇ ਫਲਸਫੇ ਬਾਰੇ, ਇਤਿਹਾਸਿਕ ਪਵਿੱਤਰ ਕਾਲੀ ਵੇਈਂ ਦੀ ਚੱਲ ਰਹੀ ਕਾਰ ਸੇਵਾ ਤੇ ਉਸ ਦੇ ਪ੍ਰਭਾਵ ਅਤੇ ਪੰਜਾਬ ਦੇ ਵਿਗੜ ਰਹੇ ਵਾਤਾਵਰਣ ਸਬੰਧੀ ਬਣਾਈਆਂ ਗਈਆਂ ਪ੍ਰਦਰਸ਼ਨੀਆਂ ਅਤੇ ਵੀਡੀਉ ਫਿਲਮਾਂ ਦਿਖਾਈਆਂ ਜਾਂਦੀਆ ਹਨ।ਉਨ੍ਹਾਂ ਕਿਹਾ ਕਿ ਮਿਊਜ਼ੀਅਮ ਦੇ ਦਰਸ਼ਨਾਂ ਲਈ ਹੁਣ ਤੱਕ ਪੰਜਾਬ ਦੇ 20 ਸਕੂਲਾਂ ਅਤੇ 4 ਕਾਲਜਾਂ ਦੇ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਅਧਿਆਪਕ ਆ ਚੁੱਕੇ ਹਨ ਅਤੇ ਇਸੇ ਤਹਿਤ ਹੀ ਅੱਜ ਸਰਕਾਰੀ ਸੈਕੰਡਰੀ ਸਕੂਲ ਫਤਿਆਬਾਦ(ਤਰਨਤਾਰਨ), ਸਰਕਾਰੀ ਪ੍ਰਾਇਮਰੀ ਸਕੂਲ ਚੂਹੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸਹਿਮ ਦੇ ਵਿਦਿਆਰਥੀਆਂ ਦਾ ਸਮੂਹ ਆਪਣੇ ਅਧਿਆਪਕਾਂ ਦੀ ਅਗਵਾਈ ‘ਚ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ।ਇਸ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸੰਤ ਸੀਚੇਵਾਲ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬੇਰ ਸਾਹਿਬ ਵਿਖੇ ਪਵਿੱਤਰ ਵੇਈਂ ਤੇ ਇਸ਼ਨਾਨ ਘਾਟ ਬਣਾਉਣ ਦੀ ਚੱਲ ਰਹੀ ਕਾਰ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
ਨਿਰਮਲ ਕੁਟੀਆ ਵਿਖੇ ਬਣੇ ਸਿੱਖ ਮਿਊਜ਼ੀਅਮ ‘ਚ ਵਿਦਿਆਰਥੀਆਂ ਵੱਲੋਂ ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕਰਨ ਉਪਰੰਤ ਪਵਿੱਤਰ ਵੇਈਂ ਦੀ ਕਾਰ ਸੇਵਾ ਤੇ ਬਣੀ ਡਾਕੂਮੈਂਟਰੀ ਫਿਲਮ ‘ਬਾਬੇ ਨਾਨਕ ਦਾ ਸੁਨੇਹਾ’ ਵੇਖੀ ਗਈ।ਮਿਊਜੀਅਮ ਦੇਖਣ ਉਪਰੰਤ ਸਰਕਾਰੀ ਸੈਕੰਡਰੀ ਸਕੂਲ ਫਤਿਆਬਾਦ ਦੇ ਪ੍ਰਿੰਸੀਪਲ ਪ੍ਰਸ਼ੋਤਮ ਲਾਲ ਨੇ ਗੱਲਤਾਨ ਦੌਰਾਨ ਮਾਨਵਤਾ ਦੀ ਸੇਵਾ ਲਈ ਸੰਤ ਸੀਚੇਵਾਲ ਜੀ ਵੱਲੋਂ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਸਿੱਖ ਮਿਊਜ਼ੀਅਮ ਖੋਲਣ ਨਾਲ ਬਾਬਾ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ‘ਚ ਇੱਕ ਹੋਰ ਨਗ ਜੁੜ ਗਿਆ ਹੈ।ਇਸ ਮੌਕੇ ਵਿਦਿਆਰਥੀਆਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਸਾਂਝੇ ਤੌਰ ਤੇ ਕਿਹਾ ਕਿ ਉਨ੍ਹਾਂ ਨੂੰ ਇਸ ਵਿਦਿਅਕ ਟੂਰ ਤੇ ਆਉਣ ਨਾਲ ਸਿੱਖ ਧਰਮ ਦੇ ਮਾਨਵਤਾ ਹਿੱਤ ਦੱਸੇ ਸਿਧਾਂਤਾਂ ਅਤੇ ਵਾਤਾਵਰਣ ਦੀ ਸ਼ੁੱਧਤਾ ਬਾਰੇ ਆਪਣੇ ਬਣਦੇ ਫਰਜ਼ਾਂ ਬਾਰੇ ਅਹਿਮ ਜਾਣਕਾਰੀ ਮਿਲੀ ਹੈ।ਸਿੱਖ ਮਿਊਜ਼ੀਅਮ ‘ਚ ਆਈਆਂ ਸੰਗਤਾਂ ਨੂੰ ਗਾਈਡ ਕਰਨ ਲਈ ਪ੍ਰੋਮਿਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਆਪਣਾ ਵਡਮੁਲਾ ਯੋਗਦਾਨ ਪਾ ਰਹੇ ਹਨ।

Post a Comment