ਮਾਨਸਾ, 1 ਦਸੰਬਰ ( ) ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਡਾ. ਨਰਿੰਦਰ ਭਾਰਗਵ ਨੇ ਅੱਜ ਬੱਚਤ ਭਵਨ ਵਿਖੇ ਪੁਲੀਸ ਅਧਿਕਾਰੀਆਂ ਅਤੇ ਲੋਕ ਨੁਮਾਇੰਦਿਆਂ ਦੀ ਗਲੋਬਲ ਵਿਜ਼ੀਟਰ ਵੀਕ ਮਨਾਉਣ ਦੇ ਸਬੰਧ ਵਿਚ ਮੀਟਿੰਗ ਕੀਤੀ, ਜਿਸ ਦੌਰਾਨ 13 ਥਾਣਿਆਂ ਅੰਦਰ 26 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਡਾ. ਭਾਰਗਵ ਨੇ ਕਿਹਾ ਕਿ 3 ਤੋਂ 9 ਦਸੰਬਰ ਤੱਕ ਮਨਾਏ ਜਾ ਰਹੇ ਇਸ ਹਫ਼ਤੇ ਲਈ ਕਮੇਟੀਆਂ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਨੂੰ ਥਾਣਿਆਂ ਦੇ ਰੱਖ-ਰਖਾਵ ਤੋਂ ਲੈਕੇ ਪੁਲੀਸ ਦੀ ਕਾਰਜ ਪ੍ਰਣਾਲੀ ਸਬੰਧੀ ਪ੍ਰੋਫਾਰਮੇ ਭਰਵਾਉਣ, ਜਿਸ ਵਿਚ ਉਨ੍ਹਾਂ ਵਲੋਂ ਦਿੱਤੀਆਂ ਟਿੱਪਣੀਆਂ ਪੁਲੀਸ ਦੀ ਕਾਰਜ ਪ੍ਰਣਾਲੀ ਨੂੰ ਹੋਰ ਨਿਖ਼ਾਰ ਸਕਦੀਆਂ ਹਨ। ਐਸ.ਐਸ.ਪੀ ਨੇ ਕਿਹਾ ਕਿ ਇਸ ਹਫ਼ਤੇ ਦੌਰਾਨ ਵੱਧ ਤੋਂ ਵੱਧ ਆਮ ਜਨਤਾ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਜ਼ਿਲ੍ਹਾ ਵਾਸੀਆਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਇਥੋਂ ਹਰੇਕ ਵਿਅਕਤੀ ਨੂੰ ਇਨਸਾਫ਼ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ 26 ਟੀਮਾਂ ਦਾ ਗਠਨ ਕੀਤਾ ਗਿਆ ਹੈ, ਉਨ੍ਹਾਂ ਵਿਚ 50 ਫੀਸਦੀ ਘਰੇਲੂ ਕੰਮਕਾਜੀ ਅਤੇ ਸਮਾਜ ਸੇਵੀ ਔਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਔਰਤਾਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਸ਼ੋਸਣ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।ਡਾ. ਭਾਰਗਵ ਨੇ ਕਿਹਾ ਕਿ ਗਠਿਤ ਕੀਤੀਆਂ ਟੀਮਾਂ ਵਿਜ਼ੀਟ ਦੌਰਾਨ ਇੱਕ-ਇੱਕ ਨਿਰਧਾਰਿਤ ਪ੍ਰੋਫਾਰਮਾ ਭਰਕੇ ਦੇਣਗੀਆਂ, ਜੋ ਹਰੇਕ ਮੈਂਬਰ ਨੂੰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਲਟਿਸ ਗਲੋਬਲ ਵਿੱਢੀ ਜਾ ਰਹੀ ਇਸ ਮੁਹਿੰਮ ਦੀ ਆਮ ਲੋਕਾਂ ਵਲੋਂ ਭਰਭੂਰ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਲਈ ਕਾਫ਼ੀ ਗੰਭੀਰ ਹੈ। ਮੀਟਿੰਗ ਵਿਚ ਐਸ.ਪੀ(ਐਚ) ਰਾਜੇਸ਼ਵਰ ਸਿੰਘ ਸਿੱਧੂ, ਡੀ.ਐਸ.ਪੀਜ਼ ਤੋਂ ਇਲਾਵਾ ਹੋਰ ਵੀ ਪੁਲੀਸ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਲੋਕ ਨੁਮਾਇੰਦੇ ਹਾਜ਼ਰ ਸਨ।

Post a Comment