ਲੁਧਿਆਣਾ, 4 ਦਸੰਬਰ (ਸਤਪਾਲ ਸੋਨ ) )ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਜਿਲੇ ਦੀ ਸਲਾਨਾ ਕਰਜ਼ਾ ਯੋਜਨਾ ਅਧੀਨ ਸਾਲ 2012-13 ਦੀ ਦੂਜੀ ਤਿਮਾਹੀ 30 ਸਤੰਬਰ 2012 ਤੱਕ ਜਿਲੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ 4295 ਕਰੋੜ ਰੁਪਏ ਦੀ ਟੀਚੇ ਦੇ ਮੁਕਾਬਲੇ 5678 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ, ਜੋ ਕਿ 115 ਪ੍ਰਤੀਸ਼ਤ ਬਣਦੇ ਹਨ। ਸ੍ਰੀ ਰਿਸ਼ੀਪਾਲ ਸਿੰਘ ਅੱਜ ਬੱਚਤ ਭਵਨ ਵਿਖੇ ਜਿਲਾ ਲੁਧਿਆਣਾ ਦੀਆਂ ਸਮੂਹ ਬੈਂਕਾਂ ਅਤੇ ਸਰਕਾਰੀ ਏਜੰਸੀਆਂ ਵੱਲੋਂ ਸਾਲ 2012-13 ਸਲਾਨਾ ਕਰਜ਼ਾ ਯੋਜਨਾ ਅਧੀਨ ਦਿੱਤੇ ਗਏ ਕਰਜ਼ਿਆਂ ਦੀ ਸਮੀਖਿਆ ਕਰਨ ਲਈ ਜਿਲਾ ਪੱਧਰੀ ਰੀਵਿਓੂ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਰਿਸ਼ੀਪਾਲ ਨੇ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਲਈ 2099 ਕਰੋੜ ਰੁਪਏ, ਖੇਤੀਬਾੜੀ ਤੋਂ ਬਗੈਰ (ਨਾਨ ਫਾਰਮਿੰਗ) ਹੋਰ ਧੰਦਿਆਂ ਲਈ 2466 ਕਰੋੜ ਰੁਪਏ ਅਤੇ ਹੋਰ ਪਹਿਲ ਵਾਲੇ ਸੈਕਟਰਾਂ ਲਈ ਕੰਮ-ਧੰਦੇ ਸੁਰੂ ਕਰਨ ਲਈ 1113 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ। ਉਹਨਾਂ ਜਿਲੇ ਦੇ ਸਮੂਹ ਬੈਂਕਾਂ ਨੂੰ ਕਿਹਾ ਕਿ ਉਹ ਆਰਥਿਕ ਤੌਰ ਤੇ ਕਮਜੋਰ ਪਰਿਵਾਰਾਂ ਦੇ ਘੱਟੋ-ਘੱਟ ਇੱਕ ਮੈਂਬਰ ਦਾ ਆਪਣੀਆਂ ਬੈਂਕਾਂ ਵਿੱਚ ਖਾਤਾ ਜਰੂਰ ਖੋਲਣ ਤਾਂ ਇਹਨਾਂ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਲੈਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਬੈਂਕ ਅਧਿਕਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਡੇਅਰੀ, ਮੱਛੀ, ਬਾਗਵਾਨੀ ਵਰਗੇ ਸਹਾਇਕ ਧੰਦਿਆਂ ਲਈ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ। ਉਹਨਾਂ ਬੈਂਕਾਂ ਨੂੰ ਇਹ ਵੀ ਕਿਹਾ ਕਿ ਉਹ ਨੌਜਵਾਨਾਂ ਨੂੰ ਆਪਣੇ ਕੰਮ-ਧੰਦੇ ਸੁਰੂ ਕਰਨ ਲਈ ਵੀ ਕਰਜ਼ੇ ਦੇਣ ਤਾਂ ਜੋ ਨੌਜਵਾਨ ਆਪਣਾ ਕੰਮ-ਧੰਦਾ ਸੁਰੂ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ। ਇਸ ਮੀਟਿੰਗ ਵਿੱਚ ਸ੍ਰੀ ਜੀਤ ਸਿੰਘ ਡਾਇਰੈਕਟਰ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ, ਸ੍ਰੀ ਮਲਕੀਤ ਸਿੰਘ ਰੀਜਰਵ ਬੈਂਕ ਆਫ ਇੰਡੀਆ ਚੰਡੀਗੜ, ਸ੍ਰੀ ਮਨਜੀਤ ਸਿੰਘ ਜੱਗੀ ਲੀਡ ਬੈਂਕ ਮੈਨੇਜ਼ਰ ਤੋ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।

Post a Comment