ਲੁਧਿਆਣਾ, ( ਸਤਪਾਲ ਸੋਨ ) ਪੰਜਾਬ ਸਰਕਾਰ ਵੱਲੋਂ ਰਾਜ ਦੇ ਪਿੰਡਾਂ ਦੇ ਸਰਵ-ਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ 3 ਸਾਲਾਂ ਦੇ ਅੰਦਰ ਪੰਜਾਬ ਨੂੰ ਨਮੂਨੇ ਦਾ ਸੂਬਾ ਬਣਾ ਕੇ ਦੁਨੀਆਂ ਦੇ ਨਕਸ਼ੇ ‘ਤੇ ਲਿਆਂਦਾ ਜਾਵੇਗਾ। ਇਹ ਪ੍ਰਗਟਾਵਾ ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਹਲਕਾ ਸਾਹਨੇਵਾਲ ਦੇ ਪਿੰਡ ਸਸਰਾਲੀ ਵਿਖੇ ਆਯੋਜਿਤ ਪਲੇਠੇ ‘ਸੰਗਤ ਦਰਸ਼ਨ‘ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜ਼ੂਦ ਸਨ। ਸ. ਢਿੱਲੋ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਵਚਨ-ਬੱਧ ਹੈ। ਉਹਨਾਂ ਇਸ ਮੌਕੇ ਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹਾਜ਼ਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਹਨਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਪੈਫਲਿਟ ਛਪਵਾ ਕੇ ਪਿੰਡਾਂ ਵਿੱਚ ਵੰਡਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਵਿਭਾਗ ਦੇ ਅਧਿਕਾਰੀ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਦੀ ਜਾਵੇ।ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕ-ਸੇਵਾ ਨੂੰ ਮੱਦੇ ਨਜ਼ਰ ਰੱਖਦਿਆਂ ਲੋਕਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਨ।ਇਸ ਮੌਕੇ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਸ. ਢਿੱਲੋ ਨੇ ਪਿੰਡ ਦੇ ਵਿਕਾਸ ਕਾਰਜ਼ਾਂ ਲਈ 4.25 ਲੱਖ ਰੁਪਏ ਦਾ ਚੈਕ ਗ੍ਰਾਮ ਪੰਚਾਇਤ ਨੂੰ ਦਿੱਤਾ ਅਤੇ ਨਰੇਗਾ ਤਹਿਤ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਖਸਤਾ ਹਾਲਤ ਵੱਲ ਧਿਆਨ ਦਿਵਾਉਣ ਤੇ ਸ. ਢਿੱਲੋਂ ਨੇ ਕਿਹਾ ਕਿ ਸਕੂਲ ਦੀ ਇਮਾਰਤ ਲਈ ਪੰਚਾਇਤ ਵੱਲੋ ਜ਼ਮੀਨ ਮਹੁੱਈਆ ਕਰਨ ਅਤੇ ਮਤਾ ਪੇਸ਼ ਕਰਨ ‘ਤੇ 22 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ। ਪੰਚਾਇਤ ਵੱਲੋ ਪਿੰਡ ਦੀ ਡਿਸਪੈਸਰੀ ਵਿੱਚ ਦਵਾਈਆਂ ਦੀ ਘਾਟ ਪੂਰੀ ਕਰਨ, ਆਂਗਣਵਾੜੀ ਸੈਂਟਰ ਦੀ ਇਮਾਰਤ ਲਈ ਫੰਡ ਦੇਣ ਅਤੇ ਪਿੰਡ ਦਾ ਠੇਕਾ ਫ਼ਿਰਨੀ ਤੋਂ ਦੂਰ ਹਟਾਉਣ ਸਬੰਧੀ ਕੀਤੀਆਂ ਗਈਆਂ ਮੰਗਾਂ ਤੇ ਮੰਤਰੀ ਨੇ ਮੌਜ਼ੂਦ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਦੀ ਹਦਾਇਤ ਕੀਤੀ। ਇਸ ਉਪਰੰਤ ਮੰਤਰੀ ਨੇ ਪਿੰਡ ਬੂਥਗੜ•, ਰੋੜ, ਮੰਗਲੀ ਟਾਂਡਾ ਅਤੇ ਮੱਤੇਵਾੜਾ ਵਿਖੇ ਸੰਗਤ ਦਰਸ਼ਨਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਗੁਰਚਰਨ ਸਿੰਘ ਮੇਹਰਬਾਨ ਸਰਕਲ ਜਥੇਦਾਰ, ਸ. ਰਣਜੀਤ ਸਿੰਘ ਮੰਗਲੀ ਮੈਬਰ ਐਸ.ਜੀ.ਪੀ.ਸੀ, ਬਾਬਾ ਗੁਰਬਖਸ਼ ਸਿੰਘ, ਸ. ਸਹਿਜਪਾਲ ਸਿੰਘ ਮਾਂਗਟ, ਸ. ਰਛਪਾਲ ਸਿੰਘ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡ ਦੀ ਸਮੁੱਚੀ ਗ੍ਰਾਂਮ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Post a Comment