ਕੋਟਕਪੂਰਾ, 2 ਦਸੰਬਰ (ਜੇ.ਆਰ.ਅਸੋਕ) ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੀ ਸਾਇੰਸ ਐਕਸਪ੍ਰੈਸ ਗੱਡੀ ਨੂੰ ਵੇਖਣ ਲਈ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾਂ ਨੇ ਭਾਰੀ ਰੁਚੀ ਵਿਖਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਧੀਰ ਕੁਮਾਰ ਸ਼ਰਮਾ ਮੈਨੇਜਰ ਨੇ ਦੱਸਿਆ ਕਿ ਸਾਇੰਸ ਐਕਸਪ੍ਰੈਸ ਇਕ ਨਵੀਂ ਕਿਸਮ ਦੀ ਵਿਗਿਆਨਕ ਪ੍ਰਦਰਸ਼ਨੀ ਹੈ ਜਿਸਨੂੰ ਵਿਸ਼ੇਸ ਤੌਰ ਤੇ ਵਾਤਾਅਨੁਕੂਲ ਤਿਆਰ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀ ਅਕਤੂਬਰ 2007 ਤੋਂ ਦੇਸ਼ ਦੇ ਵੱਖ ਵੱਖ ਹਿੱਸਿਆ ਵਿਚ ਆਮ ਲੋਕਾਂ ਤੇ ਵਿਦਿਆਰਥੀਆਂ ਨੂੰ ਸਾਇੰਸ ਸਬੰਧੀ ਜਾਣਕਾਰੀ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਸਾਇੰਸ ਪ੍ਰਦਰਸ਼ਨੀ ਵਿਗਿਆਨ ਅਤੇ ਉਦਯੋਗਿਕ ਵਿਕਾਸ ਵਿਭਾਗ ਅਤੇ ਵਾਤਾਵਰਨ ਤੇ ਜੰਗਲਾਤ ਮੰਤਰਾਲਾ ਭਾਰਤ ਸਰਕਾਰ ਦੀ ਸਾਂਝੀ ਪਹਿਲ ਹੈ ਜਿਸ ਨੂੰ 5 ਜੂਨ 2000 ਨੂੰ ਵਿਸ਼ਵ ਵਿਗਿਆਨ ਦਿਵਸ ਮੌਕੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਕੀਤਾ ਗਿਆ ਸੀ। ਇਸ ਮੌਕੇ ਤੇ ਵਿਦਿਆਰਥਣਾਂ ਨਾਲ ਪਹੁੰਚੇ ਸਕੂਲ ਦੇ ਪ੍ਰਿੰਸੀਪਲ ਜਰਨੈਲ ਕੌਰ ਨੇ ਕਿਹਾ ਕਿ ਇਹ ਸਾਇੰਸ ਐਕਸਪ੍ਰੈਸ ਦੇਖ ਕੇ ਵਿਦਿਆਰਥੀ ਵਿਗਿਆਨ ਵਿਚ ਭਾਰੀ ਲਾਹਾ ਪ੍ਰਾਪਤ ਕਰ ਸਕਦੇ ਹਨ। ਉਹਨਾਂ ਇਸ ਕਿਸਮ ਦੀਆਂ ਪ੍ਰਦਰਸ਼ਨੀਆਂ ਲਾਉਣ ਅਤੇ ਵਿਦਿਆਰਥੀਆਂ ਨੂੰ ਵਿਖਾਉਣ ਤੇ ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਸਾਇੰਸ ਅਧਿਆਪਕ ਬਲਜੀਤ ਸ਼ਰਮਾ , ਜਸਵਿੰਦਰ ਕੌਰ ਤੇ ਸੇਵਾਦਾਰ ਜੈ ਪ੍ਰਕਾਸ਼ ਵੀ ਹਾਜਰ ਸਨ।


Post a Comment