‘ਪੰਚਾਇਤਾਂ ਭਾਰਤ ਨੂੰ ਟੀ.ਬੀ. ਮੁਕਤ ਕਰਨ ਲਈ ਸੁਚੱਜੀ ਤੇ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਨ’
ਮੋਗਾ, 24 ਦਸੰਬਰ/ਤਪਦਿਕ (ਟੀ.ਬੀ.) ਇੱਕ ਜੀਵਾਣੁਆਂ ਨਾਲ ਫੈਲਣ ਵਾਲੀ ਬਿਮਾਰੀ ਹੈ ਜਿਸ ਦਾ ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਘਾਤਕ ਹੋ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਇਲਾਜ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਇਸ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ‘ਤੇ ਮੁਫਤ ਹੁੰਦਾ ਹੈ। ਜ਼ਿਆਦਾ ਜਾਣਕਾਰੀ ਲਈ ਡਾਟਸ ਸੈਂਟਰ ਜਾਂ ਜ਼ਿਲਾ ਟੀ.ਬੀ. ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਟੀ.ਬੀ. ਦੇ ਜੀਵਾਣੂ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ। ਸਿਰ ਦੇ ਵਾਲਾਂ ਅਤੇ ਨਹੁੰਆਂ ਨੂੰ ਛੱਡ ਕੇ ਸਰੀਰ ਦੇ ਕਿਸੇ ਵੀ ਅੰਗ ਦੀ ਟੀ.ਬੀ. ਹੋ ਸਕਦੀ ਹੈ ਜਿਵੇਂ ਕਿ ਦਿਮਾਗ ਦੀ, ਹੱਡੀਆਂ ਦੀ, ਚਮੜੀ ਦੀ ਅਤੇ ਬੱਚੇਦਾਨੀ ਦੀ। ਜਿਹੜੇ ਮਰੀਜ ਫੇਫੜਿਆਂ ਦੀ ਟੀ.ਬੀ. ਤਂੋ ਪ੍ਰਭਾਵਿਤ ਹੁੰਦੇ ਹਨ ਉਨ੍ਹਾਂ ਤੋ ਇਸ ਦੀ ਲਾਗ ਅੱਗੇ ਫੈਲਦੀ ਹੈ। ਇਹਨਾਂ ਮਰੀਜਾਂ ਦੇ ਖੰਘਣ, ਛਿੱਕਣ ਨਾਲ ਇਸ ਦੇ ਜੀਵਾਣੂ ਤੁਪਕਿਆਂ ਦੀ ਸਕਲ ‘ਚ ਹਵਾ ਵਿੱਚ ਫੈਲ ਜਾਂਦੇ ਹਨ ਜੋ ਸਾਹ ਰਾਹੀਂ ਕਿਸੇ ਵੀ ਵਿਅਕਤੀ ਦੇ ਅੰਦਰ ਜਾ ਕੇ ਬਿਮਾਰੀ ਹੋਣ ਦਾ ਕਾਰਨ ਬਣਦੇ ਹਨ। ਟੀ.ਬੀ. ਹਵਾ ਦੇ ਰਾਹੀਂ ਇੱਕ ਤੋ ਦੂਜੇ ਵਿਅਕਤੀ ਤੱਕ ਫੈਲਦੀ ਹੈ। ਟੀ.ਬੀ. ਦੀ ਬਿਮਾਰੀ ਦੇ ਮੁੱਖ ਲੱਛਣ ਦੋ ਹਫਤੇ ਤਂੋ ਜ਼ਿਆਦਾ ਬਲਗਮ ਵਾਲੀ ਖੰਘ, ਛਾਤੀ ਵਿੱਚ ਦਰਦ, ਥੁੱਕ ਵਿੱਚ ਖੂਨ ਦਾ ਆਉਣਾ, ਭੁੱਖ ਘੱਟ ਲਗਣੀ, ਵਜਨ ਦਾ ਘਟਨਾ, ਸਾਮ ਨੂੰ ਮਿੰਨਾ-ਮਿੰਨਾ ਬੁਖਾਰ ਹੋਣਾ ਹਨ। ਉਨ੍ਹਾਂ ਕਿਹਾ ਕਿ ਤਪਦਿਕ (ਟੀ.ਬੀ.) ਭਾਰਤ ਵਿੱਚ ਇੱਕ ਪ੍ਰਮੁੱਖ ਸਿਹਤ ਸਮੱਸਿਆ ਹੈ ਅਤੇ ਜੇਕਰ ਦਵਾਈਆਂ ਨਿਰਧਾਰਤ ਸਮੇਂ ਤੱਕ ਖਾਂਦੀਆਂ ਜਾਣ ਤਾਂ ਟੀ.ਬੀ. ਪੂਰੀ ਤਰ੍ਹਾਂ ਇਲਾਜ ਯੋਗ ਹੈ। ਇਸ ਦੀਆਂ ਦਵਾਈਆਂ ਸਾਰੀਆਂ ਸਿਹਤ ਸੰਸਥਾਵਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਉਪਲੱਬਦ ਹਨ। ਦਵਾਈਆਂ ਦੇ ਪੂਰੇ ਕੋਰਸ ਨਾਲ ਪੱਕਾ ਇਲਾਜ ਸੰਭਵ ਹੈ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪਂੇਡੂ ਪੰਚਾਇਤਾਂ ਅਤੇ ਮੈਂਬਰ ਪੰਚਾਇਤੀ ਰਾਜ ਸੰਸਥਾਵਾਂ ਭਾਰਤ ਨੂੰ ਟੀ.ਬੀ. ਮੁਕਤ ਕਰਨ ਲਈ ਇੱਕ ਸੁਚੱਜੀ ਅਤੇ ਪ੍ਰਭਾਵਸਾਲੀ ਭੂਮਿਕਾ ਅਦਾ ਕਰ ਸਕਦੀਆਂ ਹਨ। ਗ੍ਰਾਮ ਸਭਾ ਦੀਆਂ ਮੀਟਿੰਗਾਂ ਵਿੱਚ ਜਨਤਾ ਨੂੰ ਸੋਧੇ ਹੋਏ ਰਾਸ਼ਟਰੀ ਟੀ.ਬੀ, ਕੰਟਰੋਲ ਪ੍ਰੋਗਰਾਮ, ਡਾਟਸ, ਮੁਫਤ ਜਾਂਚ ਤੇ ਮੁਫਤ ਇਲਾਜ ਅਤੇ ਸਰਕਾਰ ਵੱਲੋ ਟੀ.ਬੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਗਰੂਕ ਕੀਤਾ ਜਾਵੇ। ਪੇਂਡੂ ਸਿਹਤ ਅਤੇ ਸਫਾਈ ਕਮੇਟੀ ਦੀਆਂ ਮੀਟਿੰਗਾਂ ਵਿੱਚ ਮੈਡੀਕਲ ਅਫਸਰ/ਏ.ਐਨ.ਐਮ ਨੂੰ ਬੁਲਾ ਕੇ ਟੀ.ਬੀ. ਦੀ ਜਲਦੀ ਜਾਂਚ ਅਤੇ ਇਲਾਜ ਬਾਰੇ ਚਰਚਾ ਕੀਤੀ ਜਾਵੇ।ਮੀਟਿੰਗ ਵਿੱਚ ਇਸਦੇ ਇਲਾਜ ਲਈ ਮੁਹੱਈਆ ਸਹੂਲਤਾਂ ਅਤੇ ਬਚਾਅ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ। ਵੱਖ-ਵੱਖ ਪ੍ਰੋਗਰਾਮਾਂ ਵਿੱਚ ਏ.ਐਨ.ਐਮ/ਆਂਗਣਵਾੜੀ ਵਰਕਰ ਅਤੇ ਆਸਾ ਵਰਕਰਾਂ ਨੂੰ ਬੁਲਾ ਕੇ ਟੀ.ਬੀ. ਸਬੰਧੀ ਜਾਗਰੂਕਤਾ ਚਰਚਾ ਕੀਤੀ ਜਾਵੇ। ਦੋ ਹਫਤੇ ਤੋਂ ਜ਼ਿਆਦਾ ਖੰਘ ਵਾਲੇ ਮਰੀਜਾਂ ਨੂੰ ਛੇਤੀ ਇਲਾਜ ਅਤੇ ਜਾਂਚ ਲਈ ਪ੍ਰੇਰਿਤ ਕੀਤਾ ਜਾਵੇ। ਅੱਗੇ ਦੱਸਦਿਆਂ ਉਨ੍ਹਾਂ ਕਿਹਾ ਕਿ ਟੀ.ਬੀ. ਦਾ ਇਲਾਜ ਅਧੂਰਾ ਨਾ ਛੱਡਿਆ ਜਾਵੇ ਕਿਉਂ ਕਿ ਇਲਾਜ ਅਧੂਰਾ ਛੱਡਣ ਨਾਲ ਟੀ.ਬੀ. ਲਾਇਲਾਜ ਹੋ ਜਾਂਦੀ ਹੈ ਅਤੇ ਗੰਭੀਰ ਟੀ.ਬੀ. (ਐਮ.ਡੀ.ਆਰ) ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ‘ਪੂਰਾ ਕੋਰਸ ਪੱਕਾ ਇਲਾਜ’ ਦਾ ਪ੍ਰਚਾਰ ਹੋਣਾ ਲਾਜ਼ਮੀ ਹੈ।

Post a Comment