ਲਹਿਰਾਗਾਗਾ (ਸੰਗਰੂਰ) 25 ਦਸੰਬਰ (ਸੂਰਜ ਭਾਨ ਗੋਇਲ) ਦਿਆਲਪੁਰਾ ਰਜਬਾਹਾ ਵਿੱਚ ਪਿੰਡ ਨੰਗਲਾ ਨੇੜੇ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਨੁਕਸਾਨ ਗ੍ਰਸਤ ਹੋ ਗਈ ਹੈ। ਨੁਕਸਾਨ ਲਈ ਕਿਸਾਨਾਂ ਨੇ ਸਿੰਚਾਈ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਜਿੰਮੇਦਾਰ ਦੱਸਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ। ਫ਼ਸਲਾਂ ਦੇ ਬਚਾਅ ਕਾਰਜ਼ ਵਿੱਚ ਲੱਗੇ ਕਿਸਾਨ ਵਾਹਿਗੁਰੂ ਸਿੰਘ, ਚੰਦ ਸਿੰਘ, ਕੁਲਦੀਪ ਸਿੰਘ ਵਾਸੀ ਨੰਗਲਾ ਆਦਿ ਨੇ ਕਿਹਾ ਕਿ ਅੱਜ ਤੱਕ ਇਸ ਰਜਬਾਹਾ ਦੀ ਨਿਯਮਤ ਰੂਪ ਵਿੱਚ ਕਦੇ ਸਫਾਈ ਨਹੀਂ ਕੀਤੀ ਗਈ। ਦੂਜਾ ਪਾਣੀ ਵੱਧ ਮਾਤਰਾ ਵਿੱਚ ਛੱਡਣ ਕਰਕੇ ਇਸ ਵਿੱਚ ਪਾੜ ਪੈ ਗਿਆ ਹੈ। ਜਿਸ ਕਰਕੇ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਦੱਸਿਆ ਕਿ ਜਦੋਂ ਅੱਜ ਸਵੇਰੇ ਗੁਰੂਦਵਾਰਾ ਸਹਿਬ ਤੋਂ ਅਨਾਉੰਸ ਕੀਤਾ ਗਿਆ ਕਿ ਰਜਬਹੇ ਵਿੱਚ ਪਾੜ ਪੈ ਗਿਆ ਹੈ, ਤਦ ਅਸੀਂ ਆਕੇ ਦੇਖਿਆ ਕਿ ਸਾਡੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਸੀ। ਰਜਬਾਹੇ ਦਾ ਪਾਣੀ ਬੰਦ ਕਰਵਾਉਣ ਲਈ ਅਸੀਂ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਪਰ ਕਿਸੇ ਦੇ ਕੰਨ ਤੇ ਜੂੰ ਨਹੀ ਸਰਕੀ। ਸਾਨੂੰ ਚੱਲਕੇ ਪਾਣੀ ਖੁਦ ਬੰਦ ਕਰਨਾ ਪਿਆ, ਨਹੀਂ ਤਾਂ ਹੋਰ ਵੀ ਜਿਆਦਾ ਨੁਕਸਾਨ ਹੋਣਾ ਸੀ। ਉਹਨਾਂ ਦੱਸਿਆ ਕਿ ਫਸਲਾਂ ਨੂੰ ਬਚਾਉਣ ਲਈ ਅਸੀਂ ਸਵੇਰੇ ਤੋਂ 5 ਟ੍ਰੈਕਟਰ ਪਾਣੀ ਕੱਢਣ ਤੇ ਲਾਏ ਹੋਏ ਹਨ। ਪਾੜ ਦੇ ਸਬੰਧ ਵਿੱਚ ਜੇ. ਈ. ਬਚਨ ਸਿੰਘ ਨੇ ਕਿਹਾ ਕਿ ਰਜ਼ਬਾਹੇ ਦੀ ਸਫਾਈ ਹੋਣ ਵਾਲੀ ਹੈ। ਇਸ ਲਈ ਸਰਕਾਰ ਨੂੰ ਲਿਖਕੇ ਦਿੱਤਾ ਹੋਇਆ ਹੈ। ਉਹਨਾਂ ਕਿਹਾ ਕਿ ਪਾਣੀ ਸਹੀ ਮਾਤਰਾ ਵਿੱਚ ਹੀ ਛੱਡਿਆ ਜਾਂਦਾ ਹੈ ਨਾ ਕਿ ਘੱਟ ਵੱਧ। ਉਹਨਾਂ ਕਿਹਾ ਕਿ ਪਾੜ ਨੂੰ ਪੁਰ ਕਰਨ ਲਈ ਅਸ਼ੀਂ 11 ਬੁਰਜੀ ਤੇ ਬੰਨ ਮਾਰ ਦਿੱਤਾ ਹੈ ਸਾਡੇ ਬੇਲਦਾਰ ਇਸਨੂੰ ਭਰਨ ਲੱਗੇ ਹਨ। ਐਸ ਡੀ. ਐਮ ਲਹਿਰਾ ਸ਼੍ਰੀ ਸੁਭਾਸ਼ ਚੰਦ ਨੇ ਕਿਹਾ ਕਿ ਕਿਸਾਨਾਂ ਦੇ ਨੁਕਸਾਨ ਦੀ ਜਾਂਚ ਲਈ ਨਾਇਬ ਤਹਿਸੀਲਦਾਰ ਦੀ ਡਿਉਟੀ ਲਗਾ ਦਿੱਤੀ ਗਈ ਹੈ।

Post a Comment