ਵਿਕਾਸਸ਼ੀਲ ਯੋਜਨਾਵਾਂ ਬਣਾਉਣ ਲਈ ਸਹੀ ਸੂਚਨਾ ਦੇਣ 'ਤੇ ਜ਼ੋਰ
ਮਾਨਸਾ, 18 ਦਸੰਬਰ ( ) : 6ਵੀਂ ਆਰਥਿਕ ਗਣਨਾ ਦੇ ਕੰਮ ਨੂੰ ਜ਼ਿਲ੍ਹੇ ਵਿਚ ਸਫ਼ਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਅੱਜ ਬੱਚਤ ਭਵਨ ਵਿਖੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ ਨੇ ਸਾਰੇ ਵਿਭਾਗਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੀ ਗਈ ਸੂਚਨਾ ਗੁਪਤ ਰੱਖੀ ਜਾਵੇਗੀ, ਇਸ ਲਈ ਸਹੀ ਸੂਚਨਾ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦਿੱਤੀ ਗਈ ਜਾਣਕਾਰੀ ਹੀ ਰਾਜ ਸਰਕਾਰ ਦੀਆਂ ਵਿਕਾਸਸ਼ੀਲ ਯੋਜਨਾਵਾਂ ਬਣਾਉਣ ਲਈ ਮਦਦਗਾਰ ਸਾਬਿਤ ਹੋਵੇਗੀ। ਉਨ੍ਹਾਂ ਮਾਸਟਰ ਟ੍ਰੇਨਰਾਂ ਨੂੰ ਹਦਾਇਤ ਕੀਤੀ ਕਿ ਉਹ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਸਹੀ ਤੇ ਸੁਚਾਰੂ ਢੰਗ ਨਾਲ ਸਿਖਲਾਈ ਦੇਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਗਣਨਾ ਦੌਰਾਨ ਗੈਰ-ਮਾਨਤਾ ਪ੍ਰਾਪਤ ਅਦਾਰਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਤਾਂ ਕਿ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਦਾ ਜਾਇਜ਼ਾ ਲਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਅਧਿਆਪਕ ਆਰਥਿਕ ਗਣਨਾ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਹੀ ਕਰਨ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਡਿਊਟੀਆਂ ਲਗਾਕੇ ਉਨ੍ਹਾਂ ਨੂੰ ਸਬ-ਡਵੀਜ਼ਨ ਪੱਧਰ 'ਤੇ 2 ਤੋਂ 9 ਜਨਵਰੀ ਤੱਕ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੇਂਡੂ ਤੇ ਸ਼ਹਿਰੀ ਖੇਤਰ ਮਾਨਸਾ ਲਈ 2 ਜਨਵਰੀ ਨੂੰ ਬੱਚਤ ਭਵਨ, ਭੀਖੀ ਦੇ ਪੇਂਡੂ ਤੇ ਸ਼ਹਿਰੀ ਖੇਤਰ ਲਈ 3 ਜਨਵਰੀ ਨੂੰ ਲੜਕਿਆਂ ਦੇ ਸਰਕਾਰੀ ਸਕੂਲ, ਝੁਨੀਰ ਦੇ ਪੇਂਡੂ ਖੇਤਰ ਲਈ 4 ਜਨਵਰੀ ਨੂੰ ਲੜਕਿਆਂ ਦੇ ਸਰਕਾਰੀ ਸਕੂਲ (ਸਰਦੂਲਗੜ੍ਹ), 7 ਜਨਵਰੀ ਨੂੰ ਸਰਦੂਲਗੜ੍ਹ ਦੇ ਪੇਂਡੂ ਤੇ ਸ਼ਹਿਰੀ ਖੇਤਰ ਲਈ ਲੜਕਿਆਂ ਦੇ ਹੀ ਸਰਕਾਰੀ ਸਕੂਲ, ਬੁਢਲਾਡਾ 'ਚ 8 ਜਨਵਰੀ ਨੂੰ ਪੇਂਡੂ ਖੇਤਰ ਲਈ ਸਰਕਾਰੀ ਸਕੂਲ (ਲੜਕੇ) ਅਤੇ 9 ਜਨਵਰੀ ਨੂੰ ਬਰੇਟਾ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਲਈ ਸਰਕਾਰੀ ਸਕੂਲ (ਲੜਕੇ) ਬੁਢਲਾਡਾ ਵਿਖੇ ਕਰਵਾਈ ਜਾਵੇਗੀ। ਸ਼੍ਰੀ ਅਮਿਤ ਕੁਮਾਰ ਨੇ ਕਿਹਾ ਕਿ ਐਸ.ਡੀ.ਐਮਜ਼ ਆਪਣੀ-ਆਪਣੀ ਸਬ-ਡਵੀਜ਼ਨ ਦੇ ਇੰਚਾਰਜ ਹੋਣਗੇ ਅਤੇ ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਬੀ.ਡੀ.ਪੀ.ਓਜ਼ ਚਾਰਜ ਅਫ਼ਸਰ ਵਜੋਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਲਈ 110 ਗਿਣਤੀਕਾਰ, 55 ਸੁਪਰਵਾਈਜ਼ਰ ਅਤੇ ਪੇਂਡੂ ਖੇਤਰ ਲਈ 369 ਗਿਣਤੀਕਾਰ ਅਤੇ 186 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਵੇਖਣ ਦੇ ਕੰਮ ਲਈ 241 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਊਣਤਾਈ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀ ਅਤੇ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਰਾਜੀਵ ਕੁਮਾਰ ਵਰਮਾ, ਡੀ.ਡੀ.ਪੀ.ਓ ਸ਼੍ਰੀ ਹਰਿੰਦਰ ਸਿੰਘ ਸਰਾਂ, ਸ਼੍ਰੀ ਅਮਰ ਸਿੰਘ (ਮੁੱਖ ਦਫ਼ਤਰ), ਉਪ ਅਰਥ ਅੰਕੜਾ ਸਲਾਹਕਾਰ ਸ਼੍ਰੀ ਹਰਬੰਸ ਸਿੰਘ, ਸਹਾਇਕ ਖੋਜ ਅਫ਼ਸਰ ਸ਼੍ਰੀ ਬਹਾਦਰ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਬੰਸ ਸਿੰਘ ਸੰਧੂ, ਤਹਿਸੀਲਦਾਰ ਮਾਨਸਾ ਸ਼੍ਰੀ ਦਰਸ਼ਨ ਸਿੰਘ ਤੋਂ ਇਲਾਵਾ ਬੀ.ਡੀ.ਪੀ.ਓਜ਼, ਕਾਰਜ ਸਾਧਕ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।
Post a Comment