ਮਾਨਸਾ, 04 ਦਸੰਬਰ ( ) : ਜ਼ਿਲ੍ਹਾ ਪ੍ਰਸਾਸ਼ਨ ਨੇ ਟੀਬੀ ਦੀ ਬਿਮਾਰੀ ਨੂੰ ਜ਼ਿਲ੍ਹੇ ਵਿਚੋਂ ਜੜ੍ਹੋਂ ਪੁੱਟਣ ਲਈ ਮੁਹਿੰਮ ਵਿੱਢ ਦਿੱਤੀ ਹੈ ਅਤੇ ਇਸ ਮੁਹਿੰਮ ਵਿਚ ਪ੍ਰਾਈਵੇਟ ਲੈਬ ਵੀ ਨਿੱਤਰ ਆਏ ਹਨ, ਜੋ ਬਲਗਮ ਦੀ ਮੁਫ਼ਤ ਜਾਂਚ ਕਰਨਗੇ। ਇਨ੍ਹਾਂ ਦੀ ਇਸ ਪਹਿਲ ਨਾਲ ਜ਼ਿਲ੍ਹਾ ਪ੍ਰਸਾਸ਼ਨ ਦੀ ਵਿੱਢੀ ਇਸ ਮੁਹਿੰਮ ਨੂੰ ਹੁੰਗਾਰਾ ਮਿਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਦੇ ਆਦੇਸ਼ਾਂ 'ਤੇ ਟੀ.ਬੀ. ਦੀ ਬਿਮਾਰੀ ਦੀ ਰੋਕਥਾਮ ਲਈ ਉਚੇਚੇ ਯਤਨ ਆਰੰਭ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਤਹਿਤ ਮਾਨਸਾ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਾਲ ਕੰਪਿਊਟਰਾਈਜ਼ਡ ਲੈਬਾਟਰੀ ਵਿੱਚ ਨਵਾਂ ਮਾਈਕਰੋਸਕੋਪੀ ਸੈਂਟਰ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਨ.ਜੀ.ਓ. ਅਤੇ ਪੀ.ਪੀ. ਸਕੀਮ ਤਹਿਤ ਖੋਲ੍ਹੇ ਜਾਣ ਵਾਲੇ ਇਸ ਸੈਂਟਰ ਵਿੱਚ ਮੁਫ਼ਤ ਬਲਗਮ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਸੈਂਟਰ ਛੁੱਟੀ ਵਾਲੇ ਦਿਨ ਵੀ ਖੁੱਲ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਸੈਂਟਰ ਦਾ ਉਦਘਾਟਨ 8 ਦਸੰਬਰ ਨੂੰ ਕੀਤਾ ਜਾਵੇਗਾ। ਇਸ ਸੰਬੰਧੀ ਐਮ.ਓ.ਯੂ. 'ਤੇ ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਦੀ ਮੌਜੂਦਗੀ ਵਿੱਚ ਡਾ. ਰਣਜੀਤ ਸਿੰਘ ਰਾਏ ਅਤੇ ਡਾ. ਅੰਮ੍ਰਿਤਪਾਲ ਵੱਲੋਂ ਦਸਤਖ਼ਤ ਕੀਤੇ ਗਏ। ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਨੀਤ ਜਿੰਦਲ, ਪੰਜਾਬ ਡੈਂਟਲ ਐਸੋਸੀਏਸ਼ਨ ਦੇ ਮੈਂਬਰ ਡਾ. ਵਿਜੈ ਕੁਮਾਰ ਸਿੰਗਲਾ, ਡਾ. ਰਾਜੀਵ ਸਿੰਗਲਾ. ਡਾ. ਅਜੇ ਕੁਮਾਰ, ਜਗਦੀਸ਼ ਰਾਏ ਕੁਲਰੀਆਂ ਅਤੇ ਰਾਜਵੀਰ ਕੌਰ ਵੀ ਹਾਜ਼ਰ ਸਨ।

Post a Comment