-ਅਕਲੀਆ ਵਰਗੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਨ ਦਿੱਤੀਆਂ ਜਾਣਗੀਆਂ : ਐਸ.ਐਸ.ਪੀ
ਮਾਨਸਾ, 17 ਦਸੰਬਰ ( ) : ਪਿੰਡ ਅਕਲੀਆ ਵਿਚ ਹੋਈਆਂ ਚੋਰੀਆਂ ਲਈ ਜ਼ਿੰਮੇਵਾਰ ਚੋਰਾਂ ਨੂੰ ਪੁਲਿਸ ਵਲੋਂ ਫੜਨ ਤੋਂ ਬਾਅਦ ਅੱਜ ਅਗਲੇ ਦਿਨ ਅਕਲੀਆ ਦੀ ਪੰਚਾਇਤ ਅਤੇ ਕਲੱਬਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜਕੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਅਤੇ ਐਸ.ਐਸ.ਪੀ. ਦਾ ਧੰਨਵਾਦ ਕੀਤਾ। ਇਸ ਮੌਕੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਪਿੰਡ ਦੀ ਪੰਚਾਇਤ ਨੂੰ ਭਰੋਸਾ ਦਿੱਤਾ ਕਿ ਪਿੰਡ ਵਿਚੋਂ ਚੋਰੀ ਹੋਇਆ ਰਹਿੰਦਾ ਸਮਾਨ ਜਲਦੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਘਟਨਾ ਦੇ ਸੂਤਰਧਾਰਾਂ ਨੂੰ ਸਲਾਖਾਂ ਪਿਛੇ ਪਹੁੰਚਾਕੇ ਹੀ ਦਮ ਲਿਆ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਉਹ ਪਿੰਡ ਵਿਚ ਇਸੇ ਤਰ੍ਹਾਂ ਸ਼ਾਂਤੀ ਬਣਾਈ ਰੱਖਣ ਅਤੇ ਅਪਰਾਧੀ ਬਿਰਧੀ ਵਾਲੇ ਵਿਅਕਤੀਆਂ ਦਾ ਸਾਥ ਦੇਣ ਵਾਲਿਆਂ 'ਤੇ ਆਪਣੇ ਪੱਧਰ 'ਤੇ ਨਜ਼ਰ ਰੱਖਣ ਤਾਂ ਜੋ ਇਨ੍ਹਾਂ 'ਤੇ ਕਾਰਵਾਈ ਕਰਕੇ ਚੋਰੀ ਵਰਗੀਆਂ ਘਟਨਾਵਾਂ ਨੂੰ ਠੱਲ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਇਸ ਲਈ ਜਿਹੜਾ ਵੀ ਕੋਈ ਵਿਅਕਤੀ ਮਾੜੇ ਅਨਸਰਾਂ ਦਾ ਸਾਥ ਦਿੰਦਾ ਹੈ, ਉਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਿਸ ਨੇ ਅਕਲੀਆ ਪਿੰਡ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਪਿਛਲੇ ਦਿਨੀਂ ਇਕ ਔਰਤ ਸਣੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ ਗਹਿਣੇ, ਨਕਦੀ, ਕਾਰ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਗਿਰੋਹ ਮਾਨਸਾ ਤੋਂ ਇਲਾਵਾ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਰਾਜਸਥਾਨ ਤੇ ਹਰਿਆਣਾ ਰਾਜਾਂ ਅੰਦਰ ਕਾਫ਼ੀ ਸਮੇਂ ਤੋਂ ਸਰਗਰਮ ਸੀ ਅਤੇ ਇਨ੍ਹਾਂ ਵਲੋਂ ਸੰਨ੍ਹ ਲਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਸੀ। ਇਨ੍ਹਾਂ ਦੀਆਂ ਇਹ ਕਾਰਵਾਈਆਂ ਆਮ ਜਨਤਾ ਲਈ ਪ੍ਰੇਸ਼ਾਨੀ ਅਤੇ ਪੁਲਿਸ ਲਈ ਵੱਡੀ ਸਿਰਦਰਦੀ ਬਣੀਆਂ ਹੋਈਆਂ ਸਨ। ਇਨ੍ਹਾਂ ਵਾਰਦਾਤਾਂ ਦੇ ਪਿਛੋਕੜ ਕਾਰਨ ਹੀ ਜੁਲਾਈ ਮਹੀਨੇ 'ਚ ਪਿੰਡ ਅਕਲੀਆ ਵਿਚ ਘਟਨਾ ਵਾਪਰੀ ਸੀ।ਡਾ. ਭਾਰਗਵ ਨੇ ਕਿਹਾ ਕਿ ਜ਼ਿਲ੍ਹੇ ਵਿਚ ਪਿੰਡ ਅਕਲੀਆ ਵਰਗੀਆਂ ਘਟਨਾਵਾਂ ਦੁਬਾਰਾ ਨਹੀਂ ਵਾਪਰਨ ਦਿੱਤੀਆਂ ਜਾਣਗੀਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੁਖਾਵਾਂ ਮਾਹੌਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਲੀਆ ਪਿੰਡ ਵਿਚ ਜੋ ਵਾਪਰਿਆ, ਉਸਦਾ ਸਭ ਨੂੰ ਦੁੱਖ ਹੈ ਪਰ ਗੁਨਾਹਗਾਰਾਂ ਨੂੰ ਕਾਬੂ ਕਰਨ ਲਈ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਨੇ ਸਖ਼ਤ ਮਿਹਨਤ ਅਤੇ ਯੋਜਨਾਬੱਧ ਤਰੀਕੇ ਨਾਲ ਇਨ੍ਹਾਂ ਚੋਰਾਂ ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਦੇ ਬਾਕੀ ਮੈਂਬਰਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਖਿਲਾਫ਼ ਵੀ ਉਹ ਪੁਲਿਸ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਤਾਂ ਜੋ ਇਸ ਸਮਾਜਿਕ ਕੁਰੀਤੀ ਨੂੰ ਮਾਨਸਾ ਜ਼ਿਲ੍ਹੇ ਵਿਚੋਂ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਨਸ਼ੇ ਦੇ ਸੌਦਾਗਰਾਂ ਅਤੇ ਨਸ਼ੇ ਬਾਰੇ ਪੁਲਿਸ ਨੂੰ ਸੂਚਨਾ ਦੇ ਕੇ ਪੰਜਾਬ ਅਤੇ ਜ਼ਿਲ੍ਹੇ ਦੀ ਜਵਾਨੀ ਨੂੰ ਬਚਾ ਸਕਦੇ ਹਨ। ਅੱਜ ਪ੍ਰਸਾਸ਼ਨ ਦਾ ਧੰਨਵਾਦ ਕਰਨ ਵਾਲਿਆਂ ਵਿਚ ਪਿੰਡ ਅਕਲੀਆ ਦੇ ਸਰਪੰਚ ਸ਼੍ਰੀ ਕਾਕੂ ਸਿੰਘ, ਪੰਚ ਡਾ. ਗੁਰਜੰਟ ਸਿੰਘ, ਪੰਚ ਸ਼੍ਰੀ ਕੇਵਲ ਸਿੰਘ, ਸਾਬਕਾ ਪੰਚ ਸ਼੍ਰੀ ਸਤਪਾਲ ਸਿੰਗਲਾ ਅਤੇ ਕਲੱਬ ਪ੍ਰਧਾਨ ਸ਼੍ਰੀ ਗੁਰਕੇਵਲ ਸਿੰਘ ਸ਼ਾਮਿਲ ਸਨ।

Post a Comment