ਅਨੰਦਪੁਰ ਸਾਹਿਬ, 2 ਦਸੰਬਰ (ਸੁਰਿੰਦਰ ਸਿੰਘ ਸੋਨੀ)ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਮਹਾਨ ਸ਼ਕਤੀ ਹੈ ਤੇ ਇਸ ਦੇ ‘ਜਥੇਦਾਰ’ ਦਾ ਫਰਜ ਹੈ ਕਿ ਉਹ ਸਿੱਖ ਮਸਲਿਆਂ ਵਿਚ ਸਿੱਖਾਂ ਦੀ ਤਰਜਮਾਨੀ ਕਰੇ ਪਰ ਇਹ ਅਫਸੋਸ ਦੀ ਗੱਲ ਹੈ ਕਿ ਪਿੰਡ ਵੜੈਚ ਵਿਚ ਢਾਹੇ ਗਏ ਗੁਰਦੁਆਰੇ ਦੇ ਸਬੰਧ ਵਿਚ ਸਿੱਖਾਂ ਦੀ ਤਰਜਮਾਨੀ ਨਹੀ ਕੀਤੀ ਗਈ ਤੇ ਕਲੀਨ ਚਿੱਟ ਦੇ ਕੇ ਸਿੱਖਾਂ ਦੀ ਜੁਬਾਨ ਬੰਦ ਕਰਨ ਦੇ ਯਤਨ ਕੀਤੇ ਗਏ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਨੇ ਕੀਤਾ। ਉਨਾਂ ਕਿਹਾ ਭਾਂਵੇ ਗੁਰੁ ਘਰ ਢਾਹ ਕੇ ਬੱਜਰ ਗਲਤੀ ਕੀਤੀ ਹੈ ਪਰ ਜੇਕਰ ਹੁਣ ਉਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਗੁਰਦੁਆਰਾ ਦੁਬਾਰਾ ਬਣਾਉਣ ਦਾ ਵਾਅਦਾ ਕੀਤਾ ਹੈ ਤਾਂ ਇਸਦਾ ਸਵਾਗਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹੁਣ ਚਾਹੀਦਾ ਹੈ ਕਿ ਤੁਰੰਤ ਗੁਰਦੁਆਰਾ ਬਣਾਉਣਾ ਅਰੰਭ ਕਰ ਦਿਤਾ ਜਾਵੇ ਤਾਂ ਕਿ ਸਿੱਖਾਂ ਦੀਆਂ ਜਖਮੀ ਭਾਵਨਾਵਾਂ ਤੇ ਮਰਹਮ ਲਗਾਈ ਜਾ ਸਕੇ। ਉਨਾਂ ਬਾਕੀ ਡੇਰੇਦਾਰਾਂ ਨੂੰ ਵੀ ਅਪੀਲ ਕੀਤੀ ਕਿ ਸਿੱਖਾਂ ਨਾਲ ਟਕਰਾਉ ਵਾਲੀ ਨੀਤੀ ਛੱਡ ਕੇ ਸਦਭਾਵਨਾ ਵਾਲਾ ਮਹੋਲ ਸਿਰਜਿਆ ਜਾਵੇ ਤਾਂ ਕਿ ਸਮਾਜ ਵਿਚ ਸ਼ਾਂਤੀ ਦਾ ਪਸਾਰਾ ਰਹੇ। ਦੂਜੇ ਪਾਸੇ ਜਦੋ ਇਸ ਸ਼੍ਰੀ ਅਕਾਲ ਤਖਤ ਤੇ ਰਾਧਾ ਸੁਆਮੀਆਂ ਵਿਚਾਲੇ ਹੋਏ ਸਮਝੋਤੇ ਬਾਰੇ ਸਿਮਰਨਜੀਤ ਸਿੰਘ ਮਾਨ ਨੂੰ ਪੁਛਿਆ ਗਿਆ ਤਾਂ ਉਨਾਂ ਕਿਹਾ ਕਿ ਸਾਡਾ ਮਕਸਦ ਤਾਂ ‘ਪੰਥ ਜੀਵੇ ਅਸੀ ਮਰੀਏ’ ਹੈ ਤੇ ਇਸੇ ਅਧੀਨ ਹੀ ਇਹ ਫੈਸਲਾ ਕੀਤਾ ਗਿਆ। ਉਨਾਂ ਕਿਹਾ ਕਿ ਸਾਨੂੰ ਇਹ ਵਿਸ਼ਵਾਸ਼ ਦੁਆਇਆ ਹੈ ਕਿ ਬਹੁਤ ਜਲਦ ਹੈ ਵੜੈਚ ਵਿਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਦਿਤੀ ਜਾਵੇਗੀ।

Post a Comment