ਸ੍ਰੀ ਮੁਕਤਸਰ ਸਾਹਿਬ 18 ਦਸੰਬਰ: ( ) ‑ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਯੂਰੀਆ ਜਾਂ ਡੀ.ਏ.ਪੀ. ਖਾਦ ਦੀ ਕੋਈ ਘਾਟ ਨਹੀਂ ਹੈ। ਇਸ ਲਈ ਕਿਸਾਨ ਘਬਰਾਹਟ ਵਿਚ ਆ ਕੇ ਖਾਦ ਦੀ ਜਮਾਂਖੋਰੀ ਨਾ ਕਰਨ। ਇਹ ਗੱਲ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਖੇਤੀਬਾੜੀ ਉਤਪਾਦਨ ਕਮੇਟੀ ਦੀ ਮਹੀਨਾਵਾਰ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਨ.ਐਸ.ਬਾਠ, ਏ.ਸੀ.ਯੂ.ਟੀ. ਸ੍ਰੀ ਕੇ.ਐਸ.ਰਾਜ. ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਸ੍ਰੀ ਵੀ.ਪੀ.ਐਸ. ਬਾਜਵਾ, ਐਸ.ਡੀ.ਐਮ. ਮਲੋਟ ਸ੍ਰੀ ਅਮਨਦੀਪ ਬਾਂਸਲ, ਐਸ.ਡੀ.ਐਮ. ਗਿੱਦੜਬਾਹਾ ਸ੍ਰੀ ਕੁਮਾਰ ਅਮਿਤ, ਸ: ਚਰਨਦੀਪ ਸਿੰਘ, ਮੈਡਮ ਰਾਜਦੀਪ ਕੌਰ ਦੋਨੋਂ ਪੀ.ਸੀ.ਐਸ. ਅੰਡਰ ਟਰੇਨਿੰਗ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਵੀ ਹਾਜਰ ਸਨ।ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ 17 ਦਸੰਬਰ 2012 ਦੀ ਰਿਪੋਟ ਅਨੁਸਾਰ ਜ਼ਿਲ੍ਹੇ ਵਿਚ ਪ੍ਰਾਈਵੇਟ ਦੁਕਾਨਾਂ ਤੇ 4000 ਅਤੇ ਸਹਿਕਾਰੀ ਸੰਸਥਾਵਾਂ ਵਿਚ 831 ਮਿਟਰਿਕ ਟਨ ਯੂਰੀਆ ਖਾਦ ਦਾ ਸਟਾਕ ਹੈ ਜਦ ਕਿ ਡੀ.ਏ.ਪੀ. ਖਾਦ ਦਾ 20792 ਮਿਟਰਿਕ ਟਨ ਦਾ ਕੁੱਲ ਸਟਾਕ ਜ਼ਿਲ੍ਹੇ ਵਿਚ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਖਾਦ ਤਾਂ ਅਗਲੀ ਸਾਉਣੀ ਦੀ ਅੱਧੀ ਮੰਗ ਵੀ ਪੂਰੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਖਾਦ ਵਿਕ੍ਰੇਤਾ ਕਿਸਾਨਾਂ ਨੂੰ ਯੂਰੀਆ ਜਾਂ ਡੀ.ਏ.ਪੀ. ਨਾਲ ਕੋਈ ਹੋਰ ਵਸਤੂ ਖਰੀਦਣ ਲਈ ਕਿਸਾਨਾਂ ਨੂੰ ਮਜਬੂਰ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਕੋਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਖਾਦਾਂ ਅਤੇ ਕੀੜੇਮਾਰ ਜਹਿਰਾਂ ਦੇ ਹੁਣ ਤੱਕ 126‑126 ਨਮੂਨੇ ਜਾਂਚ ਲਈ ਲਏ ਗਏ ਸਨ ਜ਼ਿਨ੍ਹਾਂ ਵਿਚੋਂ ਕ੍ਰਮਵਾਰ 9 ਅਤੇ 2 ਸੈਂਪਲ ਫੇਲ ਪਾਏ ਗਏ ਹਨ ਜ਼ਿਨ੍ਹਾਂ ਸਬੰਧੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਮਿੱਟੀ ਦੇ 2051 ਨਮੂਨੇ ਜਾਂਚੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਿੱਟੀ ਪਰਖ ਰਿਪੋਟ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ। ਇਸ ਤਰਾਂ ਕਰਨ ਨਾਲ ਕਿਸਾਨਾਂ ਦੇ ਖਰਚੇ ਵੀ ਘਟਦੇ ਹਨ ਅਤੇ ਵਾਤਾਵਰਨ ਤੇ ਵੀ ਮਾੜੇ ਪ੍ਰਭਾਵ ਨਹੀਂ ਪੈਂਦੇ ਹਨ। ਉਨ੍ਹਾਂ ਕਿਹਾ ਕਿ ਪਛੇਤੀਆਂ ਕਣਕ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਖੇਤੀਬਾੜੀ ਵਿਭਾਗ ਕੋਲ ਸਬਸਿਡੀ ਤੇ ਉਪਲਬੱਧ ਹੈ।
ਇਸ ਤੋਂ ਬਿਨ੍ਹਾਂ ਅੱਜ ਨਗਰ ਕੌਂਸਲਾਂ ਦੇ ਕੰਮਾਂ ਦੀ ਸਮੀਖਿਆ ਅਤੇ ਸੜਕ ਸੁਰੱਖਿਆ ਕਮੇਟੀ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਸਹਿਰਾਂ ਵਿਚ ਸਫਾਈ ਮੁਹਿੰਮ ਚਲਾਉਣ, ਨਜਾਇਜ ਕਬਜੇ ਰੋਕਣ, ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਰੋਕਣ, ਪੁਲਾਂ ਤੇ ਰੇਲਿੰਗ ਲਗਾਉਣ ਦੇ ਹੁਕਮ ਵੀ ਦਿੱਤੇ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ।


Post a Comment