ਅਨੰਦਪੁਰ ਸਾਹਿਬ, 13 ਦਸੰਬਰ (ਸੁਰਿੰਦਰ ਸਿੰਘ ਸੋਨੀ)ਸਿੱਖ ਇਤਹਾਸ ਵਿਚ ਗੰਗੂ ਬ੍ਰਾਹਮਣ ਨੂੰ ਨਫਰਤ ਦੀ ਨਿਗਾ ਨਾਲ ਦੇਖਿਆ ਜਾਦਾਂ ਹੈ ਤੇ ਉਸ ਦੇ ਘਰ ਨੂੰ ਅੱਜ ਵੀ ਨਿਹੰਗ ਸਿੰਘ ਜੁੱਤੀਆਂ ਮਾਰ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹਨ ਪਰ ਹੁਣ ਉਸੇ ਗੰਗੂ ਦੇ ਘਰ ਨੂੰ ਗੁਰਦੁਆਰਾ ਬਨਾਉਣਾ ਕਿਸੇ ਗਹਿਰੀ ਸਾਜਿਸ਼ ਦਾ ਹਿੱਸਾ ਹੈ ਜੋ ਸਿੱਖਾਂ ਨੂੰ ਆਪਣੇ ਸਿਧਾਂਤ ਤੋ ਤੋੜਣ ਦਾ ਮਨਸੂਬਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਨੇ ਕੀਤਾ। ਉਨਾਂ ਬਹੁਤ ਹੈਰਾਨੀ ਹੋਈ ਕਿ ਜਿਸ ਘਰ ਨੂੰ ਸਿੱਖ ਸਦੀਆਂ ਤੋ ਨਫਰਤ ਨਾਲ ਦੇਖਦੇ ਹਨ ਹੁਣ ਉਸੇ ਘਰ ਨੂੰ ਮੱਥੇ ਟੇਕਣਗੇ ਤੇ ਭੇਟਾ ਅਰਪਨ ਕਰਨਗੇ? ਉਨਾਂ ਕਿਹਾ ਕਿ ਸਿੱਖਾਂ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋ ਸਢੋਰੇ ਦੇ ਹੋਰ ਥਾਵਾਂ ਤੇ ਹਮਲੇ ਕੀਤੇ ਤਾਂ ਗੰਗੁੂ ਦਾ ਘਰ ਵੀ ਤਬਾਹ ਕਰ ਦਿਤਾ ਗਿਆ ਸੀ ਪਰ ਹੁਣ ਪਤਾ ਨਹੀ ਕਿਸ ਪੈਮਾਨੇ ਨਾਲ ਇਸ ਜਗਾ ਨੂੰ ਗੰਗੂ ਦਾ ਘਰ ਕਹਿ ਕੇ ਇਥੇ ਗੁਰਦੁਆਰਾ ਬਨਾਉਣ ਦਾ ਫੈਸਲਾ ਲੈ ਲਿਆ ਗਿਆ ਹੈ। ਉਨਾਂ ਕਿਹਾ ਕਿ ਜੇਕਰ ਉਹ ਗੰਗੂ ਦਾ ਘਰ ਹੈ ਤਾਂ ਉਸਨੂੰ ਉਸੇ ਤਰਾਂ ਰਹਿਣ ਦੇਣਾ ਚਾਹੀਦਾ ਹੈ ਤਾਂ ਕਿ ਸਿੱਖਾਂ ਨੂੰ ਗੰਗੂੁ ਦੀ ਗਦਾਰੀ ਹਮੇਸ਼ਾ ਯਾਦ ਰਹੇ ਤੇ ਜੇਕਰ ਯਾਦਗਾਰ ਬਨਾਉਣੀ ਹੀ ਹੈ ਤਾਂ ਕਿਸੇ ਹੋਰ ਥਾਂ ਬਣਾ ਲੈਣੀ ਚਾਹੀਦੀ ਹੈ। ਉਨਾਂ ਕਿਹਾ ਸਾਧਾਂ ਸੰਤਾਂ ਨੇ ਪਹਿਲਾਂ ਹੀ ਸਿੱਖ ਇਤਹਾਸ ਦੀਆਂ ਯਾਦਗਾਰਾਂ ਨੂੰ ਖਤਮ ਕਰਕੇ ਸੰਗਮਰਮਰ ਥੋਪ ਕੇ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਹੁਣ ਇਸ ਘਰ ਨੂੰ ਵੀ ਸੰਗਮਰਮਰ ਦੀ ਭੇਟ ਚੜਾ ਕੇ ਸਿੱਖਾਂ ਦਾ ਕੌਮੀ ਨੁਕਸਾਨ ਕੀਤਾ ਜਾ ਰਿਹਾ ਹੈ। ਭਾਈ ਤਰਸੇਮ ਸਿੰਘ ਨੇ ਕਿਹਾ ਕਿ ਸਿੱਖ ਯਾਦਗਾਰਾਂ ਬਨਾਉਣ ਦਾ ਵੀ ਕੋਈ ਅਸੁੂਲ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਢੰਗ ਨਾਲ ਸਿੱਖੀ ਸਿਧਾਤਾਂ ਨਾਲ ਖਿਲਵਾੜ ਨਾ ਹੋਵੇ। ਉਨਾਂ ਕਿਹਾ ਕਿ ਪਹਿਲਾਂ ਹੀ ਗੁਰਦੁਆਰਿਆਂ ਦੀ ਬਹੁਤਾਤ ਹੈ,ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਤੇ ਸੋਚ ਵਿਚਾਰ ਕਰਨ ਤੇ ਉਥੇ ਗੁਰਦੁਆਰੇ ਦੀ ਉਸਾਰੀ ਬੰਦ ਕਰਵਾਉਣ।


Post a Comment