ਸ੍ਰੀ ਮੁਕਤਸਰ ਸਾਹਿਬ, 14 ਦਸੰਬਰ ( )ਪਸ਼ੂ ਪਾਲਣ ਵਿਭਾਗ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲਿਆਂ ਵਿਚ ਜ਼ਿਲ੍ਹੇ ਵਿਚੋਂ ਬਕਰੀਆਂ ਦੇ ਮੁਕਾਬਲੇ ਵਿਚ ਪਹਿਲਾਂ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਕ੍ਰਮਵਾਰ ਸ: ਸੰਦੀਪ ਸਿੰਘ ਅਤੇ ਸ੍ਰੀ ਰਾਮ ਕਿਸ਼ਨ ਬਕਰੀ ਪਾਲਣ ਦੇ ਕਿੱਤੇ ਨੂੰ ਵਪਾਰਕ ਪੱਧਰ ਤੇ ਸ਼ੁਰੂ ਕਰਨ ਦਾ ਮਨ ਬਣਾ ਰਹੇ ਹਨ। ਫਿਲਹਾਲ ਭਾਂਵੇ ਉਨ੍ਹਾਂ ਸ਼ੌਕੀਆਂ ਤੌਰ ਤੇ ਕੁਝ ਬਕਰੀਆਂ ਰੱਖੀਆਂ ਸਨ ਪਰ ਹੁਣ ਉਨ੍ਹਾਂ ਦਾ ਇਹ ਵਿਚਾਰ ਸਰਕਾਰ ਵੱਲੋਂ ਪਸ਼ੂ ਪਾਲਣ ਨੂੰ ਉਤਸਾਹਿਤ ਕਰਨ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਕਾਰਨ ਬਣਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਿੱਤੇ ਵਿਚ ਕਮਾਈ ਦੀਆਂ ਵਧੀਆਂ ਸੰਭਾਵਨਾਵਾਂ ਅਤੇ ਸਰਕਾਰੀ ਮਦਦ ਪ੍ਰੇਰਨਾ ਬਣ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਪ੍ਰਤੀ ਪ੍ਰੇਰਿਤ ਕਰਨ ਲਈ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਨਰਲ ਸ਼੍ਰੇਣੀ ਨੂੰ 25 ਫੀਸਦੀ ਅਤੇ ਐਸ.ਸੀ. ਵਰਗ ਦੇ ਲੋਕਾਂ ਨੂੰ 33 ਫੀਸਦੀ ਦੀ ਸਬਸਿਡੀ ਬਕਰੀ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ ਤੇ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਹ ਘੱਟ ਜੋਖ਼ਮ ਵਾਲਾ ਅਤੇ ਘੱਟ ਮਿਹਨਤ ਨਾਲ ਚੰਗੀ ਕਮਾਈ ਵਾਲਾ ਕਿੱਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਇਸ ਸਬੰਧੀ ਮਦਦ ਲੈਣ ਲਈ ਉਹ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਦਫ਼ਤਰ ਨਾਲ ਜਾਂ ਨੇੜੇ ਦੇ ਸਰਕਾਰੀ ਬੈਂਕ ਨਾਲ ਰਾਬਤਾ ਕਰਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਨਰੇਸ਼ ਸਚਦੇਵਾ ਨੇ ਦੱਸਿਆ ਕਿ 20 ਮਾਦਾ ਅਤੇ 2 ਨਰ ਨਗਾਂ ਦੇ ਇਕ ਯੁਨਿਟ ਦੀ ਲਾਗਤ ਲਗਭਗ 1 ਲੱਖ ਰੁਪਏ ਆਉਂਦੀ ਹੈ। ਇਸ ਲਈ ਸਿਖਲਾਈ ਲੈ ਕੇ ਕਿਸਾਨ ਇਹ ਕਿੱਤਾ ਕਰ ਸਕਦੇ ਹਨ। ਵਿਭਾਗ ਬੈਂਕ ਤੋਂ ਕਰਜ ਅਤੇ ਸਬਸਿਡੀ ਦੇਣ ਵਿਚ ਹਰ ਪ੍ਰਕਾਰ ਦੀ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਕਰਜ ਲੈਣ ਦੇ ਇੱਛੁਕ ਕੋਲ ਬੈਂਕ ਕੋਲ ਰਹਿਣ ਕਰਨ ਲਈ ਜ਼ਮੀਨ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਬਕਰੀ ਦੇ ਦੁੱਧ ਦੀ ਮਰੀਜਾਂ ਲਈ ਬੇਹੱਦ ਜਿਆਦਾ ਮੰਗ ਰਹਿੰਦੀ ਹੈ ਉੱਥੇ ਇਸ ਦੇ ਮਾਸ ਦੀ ਵੀ ਮੰਗ ਸਦਾ ਬਣੀ ਰਹਿੰਦੀ ਹੈ ਅਤੇ ਇਸ ਦੇ ਮੰਡੀਕਰਨ ਵਿਚ ਵੀ ਕੋਈ ਦਿੱਕਤ ਨਹੀਂ ਆਉਂਦੀ।
ਇਕ ਕਿਸਾਨ ਵੱਲੋਂ ਪਾਲੀਆਂ ਬਕਰੀਆਂ ਦੀ ਤਸਵੀਰ


Post a Comment